JalandharPunjab

ਵਿਦਿਆਰਥੀ ਕੀਮਤੀ ਮਨੁੱਖੀ ਸਰੋਤਾਂ ਵਜੋਂ ਦੇਸ਼ ਦੀ ਸੇਵਾ ਕਰਨ ਲਈ ਆਪੋ-ਆਪਣੇ ਖੇਤਰ ਵਿੱਚ ਮੁਹਾਰਤ ਹਾਸਲ ਕਰਨ—ਪਰਗਟ ਸਿੰਘ

ਡੀਏਵੀ ਇੰਸਟੀਚਿਊਟ ਆਫ ਫਿਜ਼ੀਓਥੈਰੇਪੀ 'ਤੇ ਰਿਹੈਬਿਲੀਟੇਸ਼ਨ ਦੇ ਸਨਮਾਨ ਅਤੇ ਇਨਾਮ ਵੰਡ ਸਮਾਰੋਹ 'ਚ 90 ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ ਸੌਂਪੀਆਂ

ਭਵਿੱਖ ਦੇ ਯਤਨਾਂ ਵਿੱਚ ਪੂਰਨ ਸਹਿਯੋਗ ਦੇ ਭਰੋਸੇ ਤੋਂ ਇਲਾਵਾ ਸੰਸਥਾ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਕੀਤਾ ਐਲਾਨ
ਪੰਜਾਬ ਨੂੰ ਭਾਰਤ ਦਾ ਪ੍ਰਗਤੀਸ਼ੀਲ ਸੂਬਾ ਬਣਾਉਣ ‘ਚ ਸਰਗਰਮ ਭੂਮਿਕਾ ਨਿਭਾਉਣ ਲਈ ਵਿੱਦਿਅਕ ਸੰਸਥਾਵਾਂ ਨੂੰ ਦਿੱਤਾ ਸੱਦਾ
ਜਲੰਧਰ (ਅਮਰਜੀਤ ਸਿੰਘ ਲਵਲਾ)
ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਅੱਜ ਵਿਦਿਆਰਥੀਆਂ ਨੂੰ ਆਪੋ-ਆਪਣੇ ਖੇਤਰਾਂ ਵਿੱਚ ਮੁਹਾਰਤ ਹਾਸਲ ਕਰਨ ਦਾ ਸੱਦਾ ਦਿੱਤਾ ਤਾਂ ਜੋ ਉਹ ਆਪਣੇ ਪੇਸ਼ੇਵਰ ਹੁਨਰ ਨਾਲ ਦੇਸ਼ ਦੀ ਸੇਵਾ ਕਰ ਸਕਣ। ਉਨ੍ਹਾਂ ਕਿਹਾ ਕਿ ਦੇਸ਼ ਦਾ ਵਿਕਾਸ ਇਸਦੇ ਮਨੁੱਖੀ ਸਰੋਤਾਂ ਦੇ ਵਿਕਾਸ ਤੋਂ ਬਿਨਾਂ ਅਸੰਭਵ ਹੈ।

ਇੱਥੇ ਡੀਏਵੀ ਇੰਸਟੀਚਿਊਟ ਆਫ਼ ਫਿਜ਼ੀਓਥੈਰੇਪੀ ਐਂਡ ਰਿਹੈਬਿਲੀਟੇਸ਼ਨ ਵਿਖੇ ਹੋਏ ਸਨਮਾਨ ਅਤੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਿੱਖਿਆ ਵਿੱਚ ਨਿਵੇਸ਼ ਕਰਨਾ ਸਮੇਂ ਦੀ ਲੋੜ ਹੈ ਕਿਉਂਕਿ ਇਸ ਨਾਲ ਨਾ ਸਿਰਫ਼ ਰੋਜ਼ਗਾਰ ਯੋਗਤਾ ਵਿੱਚ ਵਾਧਾ ਹੋਵੇਗਾ ਸਗੋਂ ਸਾਡੇ ਨੌਜਵਾਨ ਵਿਸ਼ਵ ਪੱਧਰੀ ਮੁਕਾਬਲੇ ਦੇ ਇਸ ਸਮੇਂ ਵਿੱਚ ਦੁਰਲੱਭ ਪ੍ਰਾਪਤੀਆਂ ਹਾਸਲ ਕਰਨ ਦੇ ਯੋਗ ਬਣ ਸਕਣਗੇ। ਉਨ੍ਹਾਂ ਸਿੱਖਿਆ ਦੇ ਖੇਤਰ ਨੂੰ ਅਜੋਕੇ ਸਮੇਂ ਦੇ ਹਾਣ ਦਾ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਜਿੰਨਾ ਜ਼ਿਆਦਾ ਅਸੀਂ ਸਿੱਖਿਆ ਵਿੱਚ ਨਿਵੇਸ਼ ਕਰਦੇ ਹਾਂ, ਓਨੇ ਹੀ ਥੋੜੇ ਸਮੇਂ ਵਿੱਚ ਦੇਸ਼ ਦਾ ਵਿਕਾਸ ਯਕੀਨੀ ਹੁੰਦਾ ਹੈ।

ਪਰਗਟ ਸਿੰਘ ਨੇ ਕਿਹਾ ਕਿ ਡੀਏਵੀ ਸਮੂਹ ਵੱਲੋਂ ਦੇਸ਼ ਭਰ ਵਿੱਚ ਆਪਣੇ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਆਪਣੇ ਅਖਤਿਆਰੀ ਫੰਡਾਂ ਵਿੱਚੋਂ ਡੀਏਵੀ ਇੰਸਟੀਚਿਊਟ ਆਫ਼ ਫਿਜ਼ੀਓਥੈਰੇਪੀ ਅਤੇ ਰਿਹੈਬਿਲੀਟੇਸ਼ਨ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਡੀਏਵੀ ਗਰੁੱਪ ਨੂੰ ਇਸ ਦੇ ਭਵਿੱਖ ਦੇ ਯਤਨਾਂ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਵੀ ਦਿਵਾਇਆ ।
ਫਿਜ਼ੀਓਥੈਰੇਪੀ ਨੂੰ ਖਾਸ ਤੌਰ ‘ਤੇ ਖਿਡਾਰੀਆਂ ਲਈ ਪ੍ਰਮੁੱਖ ਪੇਸ਼ਾ ਦੱਸਦਿਆਂ ਮੰਤਰੀ ਨੇ ਆਪਣਾ ਨਿੱਜੀ ਤਜਰਬਾ ਵੀ ਸਾਂਝਾ ਕੀਤਾ ਜਦੋਂ ਉਹ 90 ਦੇ ਦਹਾਕੇ ਵਿੱਚ ਸਿਓਲ ‘ਚ ਏਸ਼ੀਆਈ ਖੇਡਾਂ ਦੇ ਫਾਈਨਲ ਤੋਂ ਪਹਿਲਾਂ ਜ਼ਖਮੀ ਹੋ ਗਏ ਸਨ ਅਤੇ ਕਿਵੇਂ ਫਿਜ਼ੀਓਥੈਰੇਪਿਸਟਾਂ ਨੇ ਉਸ ਨੂੰ ਰਾਤੋ ਰਾਤ ਠੀਕ ਕੀਤਾ, ਜਿਸ ਸਦਕਾ ਉਹ ਖੇਡ ਵਿੱਚ ਹਿੱਸਾ ਲੈਣ ਦੇ ਯੋਗ ਹੋਏ। ਇਸ ਉਪਰੰਤ ਕੈਬਨਿਟ ਮੰਤਰੀ ਨੇ ਪੰਜਾਬ ਨੂੰ ਭਾਰਤ ਵਿੱਚ ਪ੍ਰਗਤੀਸ਼ੀਲ ਸੂਬਾ ਬਣਾਉਣ ਲਈ ਸਮੁੱਚੀਆਂ ਵਿੱਦਿਅਕ ਸੰਸਥਾਵਾਂ ਨੂੰ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਇਹ ਟੀਚਾ ਸਾਡੇ ਮਨੁੱਖੀ ਸਰੋਤਾਂ ਨੂੰ ਉੱਚ ਪੱਧਰੀ ਸਿੱਖਿਆ ਪ੍ਰਣਾਲੀ ਨਾਲ ਜੋੜਨ ਦੇ ਮਾਧਿਅਮ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ, ਜੋ ਕਿ ਪਹਿਲਾਂ ਹੀ ਰਾਜ ਸਰਕਾਰ ਦੀ ਸਰਵਓਤਮ ਤਰਜੀਹ ਹੈ।

ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਵੱਲ ਵਧੇਰੇ ਧਿਆਨ ਦੇਣ ਦੀ ਅਪੀਲ ਕੀਤੀ ਤਾਂ ਜੋ ਉਹ ਵਧੀਆ ਪੇਸ਼ੇਵਰ ਬਣ ਸਕਣ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਨੌਕਰੀ ਦੇ ਮੌਕੇ ਹਾਸਲ ਕਰ ਸਕਣ। ਉਨ੍ਹਾਂ ਇਸ ਮੌਕੇ ਬੀਪੀਟੀ ਅਤੇ ਐਮਪੀਟੀ ਸਟ੍ਰੀਮ ਦੇ 95 ਵਿਦਿਆਰਥੀਆਂ, ਜਿਨ੍ਹਾਂ ਵੱਲੋਂ ਯੂਨੀਵਰਸਿਟੀ ਵਿੱਚ ਵਧੀਆ ਪੁਜ਼ੀਸ਼ਨਾਂ ਹਾਸਲ ਕਰਦਿਆਂ ਆਪੋ-ਆਪਣੇ ਖੇਤਰ ਵਿੱਚ ਬਿਹਤਰੀਨ ਪ੍ਰਦਰਸ਼ਨ ਕੀਤਾ ਗਿਆ, ਨੂੰ ਡਿਗਰੀਆਂ ਦੀ ਵੰਡ ਕੀਤੀ ਗਈ।
ਇਸ ਤੋਂ ਪਹਿਲਾਂ ਡੀਏਵੀ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਜਸਟਿਸ ਸੇਵਾਮੁਕਤ ਐਨਕੇ. ਸੂਦ ਨੇ ਸਮੁੱਚੀ ਮੈਨੇਜਮੈਂਟ ਵੱਲੋਂ ਪਾਸ ਹੋਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਕਰੀਅਰ ਲਈ ਕਾਮਨਾ ਕੀਤੀ ਜਦਕਿ ਪ੍ਰਿੰਸੀਪਲ ਡਾ. ਜਤਿੰਦਰ ਸ਼ਰਮਾ ਨੇ ਡੀਏਵੀ ਇੰਸਟੀਚਿਊਟ ਆਫ਼ ਫਿਜ਼ੀਓਥੈਰੇਪੀ ਐਂਡ ਰਿਹੈਬਿਲੀਟੇਸ਼ਨ ਲਈ ਆਪਣੇ ਭਵਿੱਖ ਦੀ ਯੋਜਨਾ ਨੂੰ ਸਾਂਝਾ ਕੀਤਾ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਸਕੱਤਰ ਅਜੈ ਗੋਸਵਾਮੀ, ਅਰਵਿੰਦ ਘਈ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਵੱਲੋਂ ਇੰਸਟੀਚਿਊਟ ਦਾ ਦੌਰਾ ਵੀ ਕੀਤਾ ਗਿਆ, ਜਿੱਥੇ ਉਨ੍ਹਾਂ ਫਿਜ਼ੀਓਥੈਰੇਪਿਸਟਾਂ ਅਤੇ ਵਿਜ਼ੀਟਰਾਂ ਦੇ ਨਾਲ ਗੱਲਬਾਤ ਵੀ ਕੀਤੀ।

 

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!