AgricultureJalandharPunjab

ਵਿਧਾਇਕ ‘ਤੇ ਡਿਪਟੀ ਕਮਿਸ਼ਨਰ ਨੇ ਕਰਤਾਰਪੁਰ ਦੀ ਦਾਣਾ ਮੰਡੀ ’ਚ ਕਣਕ ਦੀ ਖਰੀਦ ਸ਼ੁਰੂ ਕਰਵਾਈ

ਅਧਿਕਾਰੀਆਂ ਨੂੰ ਫ਼ਸਲ ਦੀ ਨਿਰਵਿਘਨ ਲਿਫ਼ਟਿੰਗ 'ਤੇ ਅਦਾਇਗੀ ਨੂੰ ਯਕੀਨੀ ਬਣਾਉਣ ਲਈ ਕਿਹਾ

*ਸਮੁੱਚੇ ਖਰੀਦ ਕੇਂਦਰਾਂ ’ਚ ਲਿਫ਼ਟਿੰਗ ਤੇ ਭੁਗਤਾਨ ਦੀ ਸਥਿਤੀ ਦੀ ਸਮੀਖਿਆ ਵੀ ਕੀਤੀ*
ਜਲੰਧਰ *ਗਲੋਬਲ ਆਜਤੱਕ*
ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਅਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਅੱਜ ਕਰਤਾਰਪੁਰ ਦੀ ਅਨਾਜ ਮੰਡੀ ਵਿਖੇ ਹਾੜ੍ਹੀ ਦੇ ਸੀਜ਼ਨ ਲਈ ਕਣਕ ਦੀ ਖਰੀਦ ਸ਼ੁਰੂ ਕਰਵਾਈ ਗਈ। ਉਨ੍ਹਾਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਕਿਸਾਨਾਂ ਦੀ ਸਹੂਲਤ ਲਈ ਸਮੁੱਚੀ ਕਾਰਵਾਈ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ ਲਈ ਕਿਹਾ।

ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੀਜ਼ਨ ਵਿੱਚ ਜ਼ਿਲ੍ਹਿਆਂ ਦੇ ਸਾਰੇ 78 ਖਰੀਦ ਕੇਂਦਰਾਂ ਵਿੱਚ 5.91 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਣ ਦੀ ਉਮੀਦ ਹੈ ਅਤੇ ਫ਼ਸਲ ਦੇ ਦਾਣੇ-ਦਾਣੇ ਦੀ ਖਰੀਦ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮੰਡੀਆਂ ਵਿੱਚ 1125 ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ ਏਜੰਸੀਆਂ ਵੱਲੋਂ ਸਾਰੀ ਫ਼ਸਲ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਸਮੇਂ ਸਿਰ ਚੁਕਾਈ ਅਤੇ ਅਦਾਇਗੀ ਨੂੰ ਵੀ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਐਤਵਾਰ ਦੇਰ ਸ਼ਾਮ ਤੱਕ ਕਿਸਾਨਾਂ ਨੂੰ 1.27 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।

ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਕੋਵਿਡ-19 ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਇਸ ਸਾਲ ਮੁੜ ਅਹਿਤਿਆਤੀ ਉਪਾਅ ਕੀਤੇ ਗਏ ਹਨ, ਜਿਸ ਵਿੱਚ ਆਰਜ਼ੀ ਮੰਡੀ-ਯਾਰਡਾਂ ਦੀ ਸਥਾਪਨਾ ਵੀ ਸ਼ਾਮਲ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਧਿਕਾਰੀਆਂ ਵੱਲੋਂ ਪੀਣ ਵਾਲੇ ਪਾਣੀ ਦੀ ਉਪਲਬਧਤਾ, ਸਾਫ਼-ਸਫ਼ਾਈ, ਛਾਂ, ਤਰਪਾਲਾਂ ਤੋਂ ਇਲਾਵਾ ਹੋਰ ਪ੍ਰਬੰਧ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਲਿਫ਼ਟਿੰਗ ਅਤੇ ਅਦਾਇਗੀ ‘ਤੇ ਜ਼ੋਰ ਦਿੰਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀਆਂ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਉਨ੍ਹਾਂ ਕਿਹਾ ਕਿ ਅਦਾਇਗੀ ਖ਼ਰੀਦ ਦੇ 48 ਘੰਟਿਆਂ ਦੇ ਅੰਦਰ ਅਤੇ ਚੁਕਾਈ 72 ਘੰਟਿਆਂ ਦੇ ਅੰਦਰ ਯਕੀਨੀ ਬਣਾਈ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਮੰਡੀਆਂ ਵਿੱਚ ਲੋੜੀਂਦੀ ਮਾਤਰਾ ਵਿੱਚ ਬਾਰਦਾਨਾ ਉਪਲਬਧ ਹੈ।
ਇਸ ਦੌਰਾਨ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਮੌਕੇ ‘ਤੇ ਮੌਜੂਦ ਕੁਝ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਅਤੇ ਅਧਿਕਾਰੀਆਂ ਵੱਲੋਂ ਅਨਾਜ ਮੰਡੀਆਂ ਵਿੱਚ ਕੀਤੇ ਪ੍ਰਬੰਧਾਂ ਬਾਰੇ ਉਨ੍ਹਾਂ ਦੀ ਵਡਮੁੱਲੀ ਪ੍ਰਤੀਕਿਰਿਆ ਹਾਸਲ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ਼ ਕੰਟਰੋਲਰ ਹਰਸ਼ਰਨ ਸਿੰਘ ਨੇ ਦੱਸਿਆ ਕਿ ਲੇਬਰ ਅਤੇ ਟਰਾਂਸਪੋਰਟ ਸਬੰਧੀ ਪ੍ਰਬੰਧ ਪਹਿਲਾਂ ਹੀ ਯਕੀਨੀ ਬਣਾਏ ਜਾ ਚੁੱਕੇ ਹਨ ਅਤੇ ਸਾਰੇ ਖਰੀਦ ਕੇਂਦਰਾਂ ’ਤੇ 72 ਘੰਟਿਆਂ ਦੇ ਅੰਦਰ ਲਿਫ਼ਟਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖ਼ਰੀਦ ਦਾ ਸਮੁੱਚਾ ਕਾਰਜ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਕਿਸੇ ਵੀ ਕਿਸਮ ਦੀ ਅਣਗਹਿਲੀ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!