
ਵਿਧਾਇਕ ‘ਤੇ ਪੁਲਿਸ ਕਮਿਸ਼ਨਰ ਵਲੋਂ ਬਸਤੀ ਬਾਵਾ ਖੇਲ ਵਿਖੇ 1.50 ਕਰੋੜ ਦੀ ਲਾਗਤ ਨਾਲ ਨਵੀਂ ਇਮਾਰਤ ਦਾ ਕੀਤਾ ਉਦਘਾਟਨ
*ਵਿਧਾਇਕ ‘ਤੇ ਪੁਲਿਸ ਕਮਿਸ਼ਨਰ ਵਲੋਂ ਬਸਤੀ ਬਾਵਾ ਖੇਲ ਵਿਖੇ 1.50 ਕਰੋੜ ਦੀ ਲਾਗਤ ਨਾਲ ਨਵੀਂ ਇਮਾਰਤ ਦਾ ਕੀਤਾ ਉਦਘਾਟਨ*
*ਨਵੀਂ ਇਮਾਰਤ ਸਟਾਫ਼ ਲਈ ਬੈਰਕ, ਆਈਓ ਕੈਬਿਨ, ਰਿਕਾਰਡ ਰੂਮ, ਵਾਇਰਲੈਸ ਰੂਮ, ਡਾਇਨਿੰਗ ਰੂਮ ਅਤੇ ਵੱਡੇ ਉਡੀਕ ਘਰ ਨਾਲ ਲੈਸ*
ਅਮਰਜੀਤ ਸਿੰਘ ਲਵਲਾ ਜਲੰਧਰ
ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਪੁਲਿਸ ਸਟੇਸ਼ਨ ਬਸਤੀ ਬਾਵਾ ਖੇਲ 120 ਫੁੱਟ ਰੋਡ ’ਤੇ 1.50 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਗਿਆ।
ਨਵੀਂ ਇਮਾਰਤ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਵਿਧਾਇਕ ‘ਤੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਸਟੇਸ਼ਨ ਦੀ ਇਸ ਨਵੀਂ ਇਮਾਰਤ ਨੂੰ ਅਤਿ ਆਧੁਨਿਕ ਸਹੂਲਤਾਂ ਜਿਵੇਂ ਸਟਾਫ਼ ਲਈ ਬੈਰਕ, ਵੱਖਰਾ ਆਈਓ ਰੂਮ, ਰਿਕਾਰਡ ਰੂਮ, ਸਮੇਤ ਲਾਕਰ, ਵਾਇਰਲੈਸ ਰੂਮ, ਡਾਇਨਿੰਗ ਰੂਮ, ‘ਤੇ ਵੱਡੇ ਉਡੀਕ ਘਰ ਹਾਲ, ਲਾਕਅੱਪ, ਆਰਮੌਰੀ ਅਤੇ ਮਾਲਖਾਨਾ ਤੋਂ ਇਲਾਵਾ ਪੁਰਸ ਅਤੇ ਮਹਿਲਾਵਾਂ ਲਈ ਵੱਖਰੇ ਬਾਥਰੂਮਾਂ ਨਾਲ ਲੈਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨਾ ਸਹੂਲਤਾਂ ਨਾਲ ਪੁਲਿਸ ਸਟੇਸ਼ਨ ਦੀ ਨੁਹਾਰ ਹੀ ਬਦਲ ਜਾਵੇਗੀ। ਅਤੇ ਇਸ ਆਧੁਨਿਕ ਪੁਲਿਸ ਥਾਣੇ ਵਿੱਚ ਆਉਣ ਵਾਲੇ ਲੋਕਾਂ ਨੂੰ ਵੱਖਰਾ ਅਨੁਭਵ ਮਹਿਸੂਸ ਹੋਵੇਗਾ।
ਜ਼ਿਕਰ ਯੋਗ ਹੈ ਕਿ ਵਰਚੂਆਲ ਉਦਘਾਟਨ ਸਮਾਰੋਹ ਦੌਰਾਨ ਅਜਿਹੇ ਕੁੱਲ 9 ਪੁਲਿਸ ਸਟੇਸ਼ਨ ਜਿਨਾਂ ਵਿੱਚ ਬਸਤੀ ਬਾਵਾ ਖੇਲ ਅਤੇ ਬਿਲਗਾ ਸ਼ਾਮਿਲ ਹਨ, ਦਾ ਉਦਘਾਟਨ ਕਰਕੇ ਜਲੰਧਰ ਵਿਖੇ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ। ਵਿਧਾਇਕ ਸ਼ੁਸ਼ੀਲ ਕੁਮਾਰ ਰਿੰਕੂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸੂਬੇ ਦੀ ਨੁਹਾਰ ਬਦਲਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ, ‘ਤੇ ਇਹ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਪੁਲਿਸ ਸਟੇਸ਼ਨ ਕੈਪਟਨ ਸਰਕਾਰ ਵਲੋਂ ਸੂਬੇ ਦਾ ਸਰਬਪੱਖੀ ਵਿਕਾਸ ਕਰਨ ਦੀ ਵਚਨਬੱਧਤਾ ਦਾ ਪ੍ਰਤੀਕ ਹਨ।
ਇਸ ਮੌਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਬਸਤੀ ਬਾਵਾ ਖੇਲ ਦਾ ਪੁਲਿਸ ਥਾਣਾ ਜੇ.ਪੀ. ਨਗਰ ਵਿੱਚ ਸੀ, ਜਿਸ ਨੂੰ ਹੁਣ ਨਵੀਂ ਇਮਾਰਤ ਵਿੱਚ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਵੀਂ ਇਮਾਰਤ ਵਿੱਚ ਬਹੁਤ ਸਾਰੀਆਂ ਸਹੂਲਤਾਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਇਸ ਨੇ ਪੁਲਿਸ ਕਰਮੀਆਂ ਨੂੰ ਮਨੁੱਖਤਾ ਦੀ ਹੋਰ ਵੀ ਉਤਸ਼ਾਹਤ ਤੇ ਲਗਨ ਨਾਲ ਸੇਵਾ ਕਰਨ ਦੇ ਉਤਸ਼ਾਹ ਨਾਲ ਭਰ ਦਿੱਤਾ ਹੈ।



