
*ਡਿਪਟੀ ਕਮਿਸ਼ਨਰ ਵੱਲੋਂ ਵੋਟਿੰਗ ‘ਤੇ ਗਿਣਤੀ ਦੇ ਸੁਚਾਰੂ ਸੰਚਾਲਨ ਲਈ ਵੋਟਰਾਂ, ਚੋਣ ਅਮਲੇ, ਸੁਰੱਖਿਆ ਬਲਾਂ ਅਤੇ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਦਾ ਕੀਤਾ ਧੰਨਵਾਦ*
*ਗਲੋਬਲ ਆਜਤੱਕ*(ਅਮਰਜੀਤ ਸਿੰਘ ਲਵਲਾ)
ਜ਼ਿਲ੍ਹਾ ਜਲੰਧਰ ‘ਚ ਸਮੁੱਚੀ ਚੋਣ ਪ੍ਰਕਿਰਿਆ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹੀ ਗਈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਪੂਰਥਲਾ ਰੋਡ ‘ਤੇ ਬਣਾਏ ਗਏ ਵੱਖ-ਵੱਖ ਗਿਣਤੀ ਕੇਂਦਰਾਂ ‘ਤੇ ਅੱਜ ਵੋਟਾਂ ਦੀ ਗਿਣਤੀ ਦੇ ਨਿਰਵਿਘਨ ਸੰਚਾਲਨ ਉਪਰੰਤ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ। ਕਾਂਗਰਸ ਵੱਲੋਂ ਜਲੰਧਰ ਉੱਤਰੀ, ਜਲੰਧਰ ਛਾਉਣੀ, ਸ਼ਾਹਕੋਟ, ਫਿਲੌਰ ਅਤੇ ਆਦਮਪੁਰ ਸਮੇਤ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਜਿੱਤ ਦਰਜ ਕੀਤੀ ਗਈ ਜਦਕਿ ‘ਆਪ’ ਨੇ ਕਰਤਾਰਪੁਰ, ਜਲੰਧਰ ਪੱਛਮੀ, ਜਲੰਧਰ ਕੇਂਦਰੀ ਅਤੇ ਨਕੋਦਰ ਹਲਕਿਆਂ ਵਿੱਚ ਜਿੱਤ ਹਾਸਲ ਕੀਤੀ।
ਵਿਧਾਨ ਸਭਾ ਹਲਕਾ ਜਲੰਧਰ ਕੇਂਦਰੀ ਤੋਂ ਜਿਥੇ ਸਭ ਤੋਂ ਘੱਟ 247 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਗਈ ਉਥੇ ਫਿਲੌਰ ਹਲਕੇ ਤੋਂ 12303 ਵੋਟਾਂ ਦੀ ਲੀਡ ਨਾਲ ਸਭ ਤੋਂ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਗਈ ਹੈ।
ਜਲੰਧਰ ਉੱਤਰੀ ਤੋਂ ਕਾਂਗਰਸੀ ਉਮੀਦਵਾਰ ਬਾਵਾ ਹੈਨਰੀ ਨੇ 47338 ਵੋਟਾਂ ਹਾਸਲ ਕਰ ਕੇ 9486 ਵੋਟਾਂ ਦੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ ਹੈ। ਇਸੇ ਤਰ੍ਹਾਂ ਜਲੰਧਰ ਕੈਂਟ ਤੋਂ ਪਰਗਟ ਸਿੰਘ ਕੁੱਲ 40816 ਵੋਟਾਂ ਲੈ ਕੇ 5808 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਜਦਕਿ ਜਲੰਧਰ ਕੇਂਦਰੀ ਤੋਂ ‘ਆਪ’ ਦੇ ਰਮਨ ਅਰੋੜਾ ਨੇ ਕੁੱਲ 33011 ਵੋਟਾਂ ਲੈ ਕੇ 247 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ। ਜਲੰਧਰ ਪੱਛਮੀ ਤੋਂ ‘ਆਪ’ ਦੇ ਸ਼ੀਤਲ ਅੰਗੁਰਾਲ 4253 ਵੋਟਾਂ ਦੇ ਫਰਕ ਨਾਲ ਕੁੱਲ 39213 ਵੋਟਾਂ ਲੈ ਕੇ ਜੇਤੂ ਰਹੇ ਅਤੇ ਕਰਤਾਰਪੁਰ ਤੋਂ ਬਲਕਾਰ ਸਿੰਘ ਨੇ 41830 ਵੋਟਾਂ ਲੈ ਕੇ 4574 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ। ਨਕੋਦਰ ਹਲਕੇ ਤੋਂ ਇੰਦਰਜੀਤ ਕੌਰ ਮਾਨ ਕੁੱਲ 42,868 ਵੋਟਾਂ ਲੈ ਕੇ 2869 ਵੋਟਾਂ ਦੇ ਫਰਕ ਨਾਲ ਜੇਤੂ ਰਹੀ।
ਆਦਮਪੁਰ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਖਵਿੰਦਰ ਕੋਟਲੀ ਨੇ 39554 ਵੋਟਾਂ ਹਾਸਲ ਕਰਕੇ 4567 ਵੋਟਾਂ ਦੇ ਅੰਤਰ ਨਾਲ ਜਿੱਤ ਹਾਸਲ ਕੀਤੀ ਜਦਕਿ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਹਰਦੇਵ ਸਿੰਘ ਲਾਡੀ ਕੁੱਲ 51661 ਵੋਟਾਂ ਲੈ ਕੇ 12079 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਇਸ ਤੋਂ ਇਲਾਵਾ ਫਿਲੌਰ ਤੋਂ ਵਿਕਰਮਜੀਤ ਸਿੰਘ ਚੌਧਰੀ ਨੂੰ ਕੁੱਲ 48,288 ਵੋਟਾਂ ਪਈਆਂ ‘ਤੇ ਉਨ੍ਹਾਂ ਨੇ 12303 ਵੋਟਾਂ ਦੇ ਅੰਤਰ ਨਾਲ ਜਿੱਤ ਦਰਜ ਕੀਤੀ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਮੁੱਚੀ ਚੋਣ ਪ੍ਰਕਿਰਿਆ ਦੇ ਸਫ਼ਲਤਾਪੂਰਵਕ ਮੁਕੰਮਲ ਹੋਣ ‘ਤੇ ਸਮੂਹ ਵੋਟਰਾਂ, ਚੋਣ ਅਧਿਕਾਰੀਆਂ, ਕਰਮਚਾਰੀਆਂ, ਸੁਰੱਖਿਆ ਬਲਾਂ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਸਰਗਰਮ ਭਾਗੀਦਾਰੀ ਅਤੇ ਸਹਿਯੋਗ ਨਾਲ ਜਲੰਧਰ ਵਿੱਚ ਵੋਟਿੰਗ ਅਤੇ ਗਿਣਤੀ ਦੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ।



