
ਪੀਟੀਜ਼ੈਡ ਕੈਮਰੇ ਡੀਸੀ ਦਫ਼ਤਰ ਤੋਂ ਕੀਤੇ ਜਾ ਸਕਦੇ ਨੇ ਸੰਚਾਲਿਤ
ਜਲੰਧਰ (ਅਮਰਜੀਤ ਸਿੰਘ ਲਵਲਾ)
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਿਸੇ ਵੀ ਅਣਅਧਿਕਾਰਤ ਸਿਆਸੀ ਸਰਗਰਮੀ ’ਤੇ ਨਿਗ੍ਹਾ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 9 ਵਿਧਾਨ ਸਭਾ ਹਲਕਿਆਂ ਵਿੱਚ ਚਲਾਏ ਜਾ ਰਹੇ 27 ਜੀਪੀਐਸ ਅਤੇ 360 ਡਿਗਰੀ ਕੈਮਰਿਆਂ ਨਾਲ ਲੈਸ ਵ੍ਹੀਕਲਾਂ ਰਾਹੀਂ ਫਲਾਈਂਗ ਸਕੁਐਡ ਟੀਮਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਨਜ਼ਰਸਾਨੀ ਦੀ ਅੱਜ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਸਮੀਖਿਆ ਕੀਤੀ।
ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਪਣੇ ਦਫ਼ਤਰ ਤੋਂ ਇਨ੍ਹਾਂ ਵਾਹਨਾਂ ਦੀ ਆਨਲਾਈਨ ਸਮੀਖਿਆ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੈਨ ਟਿਲਟ ਜ਼ੂਮ ਕੈਮਰਿਆਂ ਨਾਲ ਲੈਸ ਇਹ ਵਾਹਨ 24 ਘੰਟੇ ਆਪੋ-ਆਪਣੇ ਹਲਕਿਆਂ ਵਿੱਚ ਚੋਣ ਸਰਗਰਮੀਆਂ ’ਤੇ ਨਜ਼ਰ ਰੱਖ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਹਨਾਂ ਰਾਹੀਂ ਚੋਣ ਜ਼ਾਬਤੇ ਦੀ ਕਿਸੇ ਕਿਸਮ ਦੀ ਉਲੰਘਣਾ ’ਤੇ ਵੀ ਪੈਨੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਅਜਿਹੀ ਕੋਈ ਵੀ ਉਲੰਘਣਾਂ ਬਰਦਾਸ਼ਤਯੋਗ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਿਆਸੀ ਪਾਰਟੀ ਜਾਂ ਉਮੀਦਵਾਰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿੱਚ 9-9 ਉਡਨ ਦਸਤੇ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿੱਚ 3-3 ਟੀਮਾਂ ਅਜਿਹੇ ਵਾਹਨਾਂ ਵਾਲੀਆਂ ਹਨ, ਜਿਨ੍ਹਾਂ ’ਤੇ ਜੀਪੀਐਸ ਅਤੇ ਕੈਮਰੇ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਅਜਿਹੇ ਇਕ ਵਾਹਨ ਵਿੱਚ ਤਿੰਨ ਮੁਲਾਜ਼ਮ ਤਾਇਨਾਤ ਹਨ, ਜਿਨ੍ਹਾਂ ਵਿੱਚ ਆਪ੍ਰੇਟਰ, ਪੁਲਿਸ ਕਰਮਚਾਰੀ ਅਤੇ ਡਰਾਈਵਰ ਸ਼ਾਮਲ ਹਨ, ਜਿਹੜੇ ਆਪੋ-ਆਪਣੇ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਨਾਲ ਤਾਲਮੇਲ ਵਿੱਚ ਰਹਿੰਦੇ ਹਨ ਤਾਂ ਜੋ ਲੋੜ ਪੈਣ ’ਤੇ ਤੁਰੰਤ ਜਾਣਕਾਰੀ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਟੀਮਾਂ ਵੱਲ਼ੋਂ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾਂ ਅਤੇ ਗੈਰ-ਕਾਨੂੰਨੀ ਸਿਆਸੀ ਸਰਗਰਮੀਆਂ ’ਤੇ ਪੂਰੀ ਚੌਕਸੀ ਨਾਲ ਨਜ਼ਰ ਰੱਖੀ ਜਾਵੇਗੀ।



