
ਮਨੁੱਖਤਾ ਦੀ ਸਭ ਤੋਂ ਉੱਤਮ ਸੇਵਾ ਖੂਨਦਾਨ—ਡਾ. ਰਮਨ ਗੁਪਤਾ
ਜਲੰਧਰ ਗਲੋਬਲ ਆਜਤੱਕ
ਮਨੁੱਖਤਾ ਦੀ ਸਭ ਤੋਂ ਉੱਤਮ ਸੇਵਾ ਖੂਨਦਾਨ ਹੈ, ਇਸ ਲਈ ਤਾਂ ਕਿਹਾ ਜਾਂਦਾ ਹੈ ਖੂਨਦਾਨ ਮਹਾਂਦਾਨ। ਸਿਹਤ ਵਿਭਾਗ ਵੱਲੋਂ ਹਰ ਸਾਲ 14 ਜੂਨ ਨੂੰ ਵਿਸ਼ਵ ਬਲੱਡ ਡੋਨਰ ਦਿਵਸ ਮਨਾਇਆ ਜਾਂਦਾ ਹੈ। ਮੱਨੁਖਤਾ ਦੀ ਇਸ ਸੇਵਾ ਦੇ ਮੱਦੇਨਜਰ ਸਿਹਤ ਵਿਭਾਗ ਜਲੰਧਰ ਵੱਲੋਂ ਪੂਰਾ ਇਕ ਮਹੀਨੇ ਤੱਕ ਖੂਨਦਾਨ ਮੁਹਿੰਮ ਚਲਾਈ ਜਾ ਰਹੀ ਹੈ। ਸੋਮਵਾਰ ਨੂੰ ਮੁਹਿੰਮ ਦੇ ਪਹਿਲੇ ਦਿਨ ਐਨਆਈਟੀ ਜਲੰਧਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿੱਚ ਸਿਵਲ ਸਰਜਨ ਜਲੰਧਰ ਡਾ. ਰਮਨ ਸ਼ਰਮਾ ਮੁੱਖ ਮਹਿਮਾਨ ਅਤੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ ਅਤੇ ਉਨ੍ਹਾਂ ਵਲੋਂ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਬੀਟੀਓ, ਡਾ. ਗੁਰਪਿੰਦਰ ਕੌਰ, ਡਾ. ਤਰੂਨ ਸਹਿਗਲ (ਐਨਆਈਟੀ) ਵੀ ਮੌਜੂਦ ਸਨ।
ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ 14 ਜੂਨ ਨੂੰ ਵਿਸ਼ਵ ਖ਼ੂਨਦਾਤਾ ਦਿਵਸ ਹੈ, ਇਸ ਦਿਨ ਆਪਣੀ ਸਵੈ-ਇੱਛਿਤ ਭਾਵਨਾ ਸਹਿਤ ਕਈ ਖੂਨਦਾਨੀਆਂ ਵਲੋਂ ਕਿਸੇ ਦੀ ਜ਼ਿੰਦਗੀ ਨੂੰ ਬਚਾਉਣ ਦੇ ਟੀਚੇ ਨਾਲ ਖੂਨਦਾਨ ਕੀਤਾ ਜਾਵੇਗਾ ਅਤੇ ਇਸ ਅਨਮੋਲ ਕਾਰਜ ਲਈ ਰਕਤ ਦਾਤਾਵਾਂ ਦੀ ਇਸ ਦਿਨ ਸਰਾਹਨਾ ਵੀ ਕੀਤੀ ਜਾਵੇਗੀ। ਸਿਵਲ ਸਰਜਨ ਨੇ ਦੱਸਿਆ ਕਿ ਮੁਹਿੰਮ ਦੇ ਪਹਿਲੇ ਦਿਨ 29 ਬਲੱਡ ਯੂਨਿਟ ਇਕਤੱਰ ਕੀਤੇ ਗਏ। ਉਨ੍ਹਾਂ ਕਿਹਾ ਕਿ ਮੁਹਿੰਮ ਦੌਰਾਨ ਵੱਖ-ਵੱਖ ਵਿਭਾਗਾਂ, ਐਨਜੀਓਜ਼ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਪੂਰਾ ਮਹੀਨਾ ਵੱਖ-ਵੱਖ ਥਾਵਾਂ ‘ਤੇ ਕੈਂਪ ਲਗਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੀਆਂ ਕਿਹਾ ਕਿ ਥੈਲੇਸੀਮਿਆ ਦੇ ਮਰੀਜਾਂ ਨੂੰ ਕੁੱਝ ਦਿਨਾਂ ਬਾਅਦ ਹੀ ਖੂਨਦਾਨ ਦੀ ਲੋੜ ਹੁੰਦੀ ਹੈ, ਬਲੱਡ ਦੀ ਡਿਮਾਂਡ ਵੱਧ ਹੋਣ ਅਤੇ ਡੋਨਰਾਂ ਦੀ ਕਮੀ ਕਰਕੇ ਸਿਹਤ ਵਿਭਾਗ ਦੀ ਇਸ ਮੁਹਿੰਮ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਯੋਗਦਾਨ ਦਿੰਦੇ ਹੋਏ ਸਫ਼ਲ ਬਣਾਉਣਾ ਚਾਹੀਦਾ ਹੈ।
———————————————————–
18-65 ਸਾਲ ਦਾ ਕੋਈ ਵੀ ਤੰਦਰੁਸਤ ਵਿਅਕਤੀ ਖੂਨਦਾਨ ਕਰ ਸਕਦਾ ਹੈ— ਡਾ. ਰਮਨ ਗੁਪਤਾ
ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਵੱਲੋਂ ਦੱਸਿਆ ਗਿਆ ਕਿ ਖੂਨਦਾਨ ਕਰਨ ਨਾਲ ਇਕ ਤਾਂ ਖੂਨਦਾਤਾ ਸਿਹਤਮੰਦ ਰਹਿੰਦਾ ਹੈ, ਦੂਜਾ ਬਿਮਾਰੀਆਂ ਤੋਂ ਵੀ ਬਚਾਅ ਹੁੰਦਾ ਹੈ। ਖੂਨਦਾਨ ਕਰਨ ਨਾਲ ਲਹੂ ਦਾ ਸੰਚਾਰ ਵਧੀਆ ਰਹਿੰਦਾ ਹੈ, ਇਸ ਨਾਲ ਲਿਵਰ ਵੀ ਤੰਦਰੁਸਤ ਰਹਿੰਦਾ ਹੈ। ਖੂਨਦਾਨ ਕਰਨਾ ਰੂਹ ਨੂੰ ਆਨੰਦਮਈ ਅਹਿਸਾਸ ਦੀ ਪ੍ਰਾਪਤੀ ਹੈ, ਜੇਕਰ ਅਸੀਂ ਕਿਸੇ ਦੇ ਕੰਮ ਆ ਸਕਦੇ ਹਾਂ ਤਾਂ ਜ਼ਰੂਰ ਇਸ ਨੇਕ ਕੰਮ ਦਾ ਲਾਹਾ ਲਈਏ, ਬਸ਼ਰਤੇ ਅਸੀਂ ਖੁਦ ਸਿਹਤਮੰਦ ਹਾਂ ਤਾਂ! ਬਿਮਾਰ ਵਿਅਕਤੀ ਨੂੰ ਖੂਨਦਾਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। 18-65 ਸਾਲ ਦਾ ਕੋਈ ਵੀ ਤੰਦਰੁਸਤ ਵਿਅਕਤੀ ਖੂਨਦਾਨ ਕਰ ਸਕਦਾ ਹੈ। ਖੂਨਦਾਨ ਦਾ ਮਹੱਤਵ ਸਮਝਣ ਵਾਲੇ ਖੂਨਦਾਨੀਆਂ ਦੀ ਜਿੰਨੀ ਸਰਾਹਨਾ ਕੀਤੀ ਜਾਵੇ ਘੱਟ ਹੈ।



