
ਰੈਲੀ ’ਚ ਖੁਦ ਹਿੱਸਾ ਲੈ ਕੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਨਾਉਣ ਦਾ ਦਿੱਤਾ ਸੁਨੇਹਾ
ਜਲੰਧਰ ਗਲੋਬਲ ਆਜਤੱਕ
ਨਹਿਰੂ ਯੁਵਾ ਕੇਂਦਰ ਜਲੰਧਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੱਜ ਵਿਸ਼ਵ ਸਾਈਕਲ ਦਿਵਸ ਮੌਕੇ “ਆਜ਼ਾਦੀ ਕਾ ਅੰਮ੍ਰਿਤ ਮਹੋਤਸਵ” ਨੂੰ ਸਮਰਪਿਤ ਸਾਈਕਲ ਰੈਲੀ ਕੱਢੀ ਗਈ। ਇਸ ਰੈਲੀ ਨੂੰ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਿੰਦਰਪਾਲ ਸਿੰਘ ਬਾਜਵਾ ਅਤੇ ਐਸਡੀਐਮ ਬਲਬੀਰ ਰਾਜ ਸਿੰਘ ਨੇ ਸਥਾਨਕ ਪੰਜਾਬ ਸਟੇਟ ਵਾਰ ਮੈਮੋਰੀਅਲ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਖੁਦ ਸਾਈਕਲ ਚਲਾ ਕੇ ਇਸ ਵਿੱਚ ਹਿੱਸਾ ਲੈਂਦਿਆਂ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਨਾਉਣ ਦਾ ਸੱਦਾ ਵੀ ਦਿੱਤਾ।
ਵਧੀਕ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਇਸ ਰੈਲੀ ਦਾ ਉਦੇਸ਼ ਲੋਕਾਂ ਵਿੱਚ ਸਾਈਕਲਿੰਗ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਸਾਈਕਲ ਚਲਾਉਣ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਉਹ ਸਾਈਕਲ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸ਼ਾਮਲ ਕਰਕੇ ਤੁੰਦਰੁਸਤ ਜ਼ਿੰਦਗੀ ਜੀ ਸਕਣ। ਉਨ੍ਹਾਂ ਕਿਹਾ ਕਿ ਇਸ ਸਾਈਕਲ ਰੈਲੀ ਦਾ ਮਨੋਰਥ ਲੋਕਾਂ ਨੂੰ ਸਿਹਤਮੰਦ ਜੀਵਨ ਜਾਚ ਦਾ ਸੁਨੇਹਾ ਦੇਣ ਦੇ ਨਾਲ-ਨਾਲ ਆਜ਼ਾਦੀ ਦੇ 75 ਸਾਲਾਂ ਦੇ ਅਮੀਰ ਇਤਿਹਾਸ ਨਾਲ ਜੋੜਨਾ ਵੀ ਹੈ।
ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਬਲਬੀਰ ਰਾਜ ਸਿੰਘ ਨੇ ਸਾਈਕਲਿੰਗ ਦੀ ਮਹੱਤਤਾ ਅਤੇ ਇਸ ਦੇ ਫਾਇਦਿਆਂ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸਾਈਕਲ ਚਲਾਉਣ ਨਾਲ ਅਸੀਂ ਸਿਹਤ ਨੂੰ ਤੰਦਰੁਸਤ ਰੱਖਣ ਤੋਂ ਇਲਾਵਾ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਿਚ ਵੀ ਯੋਗਦਾਨ ਪਾ ਸਕਦੇ ਹਾਂ।
ਦਵਿੰਦਰ ਦਿਆਲਪੁਰੀ ਅਤੇ ਜਸਬੀਰ ਸਿੰਘ ਸੰਧੂ ਨੈਸ਼ਨਲ ਅਵਾਰਡੀ ਨੇ ਵੀ ਸਭ ਨੂੰ ਸਾਈਕਲ ਚਲਾਉਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਸਮਾਗਮ ਵਿੱਚ ਸ਼ਿਰਕਤ ਕਰਨ ਵਾਲੇ ਅਧਿਕਾਰੀਆਂ ਤੇ ਯੂਥ ਕਲੱਬਾਂ ਤੇ ਸਾਈਕਲ ਕਲੱਬਾਂ ਦਾ ਸਨਮਾਨ ਕਰਨ ਤੋਂ ਇਲਾਵਾ ਰੈਲੀ ਵਿੱਚ ਹਿੱਸਾ ਲੈਣ ਵਾਲੇ ਭਾਗੀਦਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਤੋਂ ਪਹਿਲਾਂ ਲੇਖਾ ਅਤੇ ਪ੍ਰੋਗਰਾਮ ਸਹਾਇਕ ਰਿਸ਼ਿਵ ਸਿੰਗਲਾ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਸਾਈਕਲ ਸਵਾਰਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਸਾਈਕਲ ਰੈਲੀ ਸਥਾਨਕ ਪੰਜਾਬ ਸਟੇਟ ਵਾਰ ਮੈਮੋਰੀਅਲ, ਜਿਸ ਨੂੰ ਕਿ ਪੂਰੇ ਭਾਰਤ ਵਿੱਚ 75 ਆਈਕੋਨਿਕ ਸਥਾਨਾਂ ਵਿੱਚ ਚੁਣਿਆ ਗਿਆ ਹੈ, ਤੋਂ ਸ਼ੁਰੂ ਹੋ ਕੇ ਬੀਐਮਸੀ ਚੌਕ, ਗੁਰੂ ਨਾਨਕ ਮਿਸ਼ਨ ਚੌਕ, ਡਾਕਟਰ ਬੀਆਰ ਅੰਬੇਡਕਰ ਚੌਕ, ਭਗਵਾਨ ਵਾਲਮੀਕਿ ਚੌਕ, ਸ਼੍ਰੀ ਰਾਮ ਚੌਕ, ਨਾਮਦੇਵ ਚੌਕ, ਬੀਐਮਸੀ ਚੌਕ ਹੁੰਦੇ ਹੋਏ ਵਾਪਸ ਪੰਜਾਬ ਸਟੇਟ ਵਾਰ ਮੈਮੋਰੀਅਲ ਵਿਖੇ ਸਮਾਪਤ ਹੋਈ। ਉਨ੍ਹਾਂ ਦੱਸਿਆ ਕਿ 7.5 ਕਿਲੋਮੀਟਰ ਦੀ ਇਸ ਰੈਲੀ ਵਿਚ 75 ਤੋਂ ਵੱਧ ਭਾਗੀਦਾਰਾਂ ਨੇ ਭਾਗ ਲਿਆ।
ਇਸ ਮੌਕੇ ਜਸਪਾਲ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਜਲੰਧਰ, ਪ੍ਰੋਫੈਸਰ ਸਤਪਾਲ ਸਿੰਘ, ਰਾਕੇਸ਼ ਕੁਮਾਰ ਨਿਜੀ ਸਹਾਇਕ, ਵਿਸ਼ਾਲ ਕਲੱਬ ਪ੍ਰਧਾਨ, ਕਿਰਤੀ ਕਾਂਤ ਅਤੇ ਨਹਿਰੂ ਯੁਵਾ ਕੇਂਦਰ ਦੇ ਸਾਰੇ ਵਲੰਟੀਅਰ ਮੌਜੂਦ ਸਨ।



