JalandharPunjab

ਵਿਸ਼ੇਸ਼ ਮੁਹਿੰਮ ਤਹਿਤ 600 ਦਿਵਿਆਂਗ ਵਿਅਕਤੀਆਂ ਦਾ ਘਰ ਵਿੱਚ ਕੀਤਾ ਟੀਕਾਕਰਨ–ਡਿਪਟੀ ਕਮਿਸ਼ਨਰ

ਪ੍ਰਸ਼ਾਸਨ ਨੇ ਟੀਕਾਕਰਨ ਲਈ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਤੱਕ ਪਹੁੰਚਣ ਵਾਸਤੇ ਆਸ਼ਾ ਅਤੇ ਏਐਨਐਮ ਵਰਕਰਾਂ ਨੂੰ ਮੁਹਿੰਮ ਵਿੱਚ ਕੀਤਾ ਸ਼ਾਮਲ

ਸਮੁੱਚੇ ਯੋਗ ਲਾਭਪਾਤਰੀਆਂ ਨੂੰ ਕੁਝ ਹੀ ਹਫ਼ਤਿਆਂ ਅੰਦਰ ਕਵਰ ਕਰ ਲਿਆ ਜਾਵੇਗਾ
ਜਲੰਧਰ (ਅਮਰਜੀਤ ਸਿੰਘ ਲਵਲਾ)
ਜ਼ਿਲ੍ਹਾ ਪ੍ਰਸ਼ਾਸਨ, ਜਲੰਧਰ ਵੱਲੋਂ ਆਰੰਭੀ ਗਈ ਵਿਸ਼ੇਸ਼ ਟੀਕਾਕਰਨ ਮੁਹਿੰਮ ਤਹਿਤ ਇਕੱਲੇ ਸ਼ਨੀਵਾਰ ਨੂੰ ਹੀ 600 ਦਿਵਿਆਂਗ ਵਿਅਕਤੀਆਂ ਦਾ ਘਰ ਵਿੱਚ ਟੀਕਾਕਰਨ ਕੀਤਾ ਗਿਆ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਿਹਤ ਅਤੇ ਸਿਵਲ ਅਧਿਕਾਰੀਆਂ ਨੂੰ ਇਸ ਵਿਸ਼ਾਲ ਕਾਰਜ ਨੂੰ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੰਦਿਆਂ ਕੀਤਾ।

ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਆਸ਼ਾ ਅਤੇ ਏਐਨਐਮ ਵਰਕਰਾਂ ਨੂੰ ਇਸ ਕਾਰਜ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਮੁਹਿੰਮ ਵਿੱਚ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਇਸ ਵਿਸ਼ੇਸ਼ ਮੁਹਿੰਮ ਤਹਿਤ ਕੋਈ ਵੀ ਯੋਗ ਲਾਭਪਾਤਰੀ ਟੀਕਾਕਰਨ ਤੋਂ ਵਾਂਝਾ ਨਾ ਰਹੇ। ਉਨ੍ਹਾਂ ਅੱਗੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀ ਸੂਚੀ ਸਮੂਹ ਐਸਐਮਓਜ਼ ਨਾਲ ਸਾਂਝੀ ਕੀਤੀ ਗਈ ਹੈ ਤਾਂ ਜੋ ਉਹ ਟੀਕਾਕਰਨ ਲਈ ਉਨ੍ਹਾਂ ਵਿੱਚੋਂ ਹਰੇਕ ਤੱਕ ਪਹੁੰਚਣ ਵਾਸਤੇ ਇੱਕ ਵਿਆਪਕ ਰਣਨੀਤੀ ਤਿਆਰ ਕਰ ਸਕਣ।

ਡਿਪਟੀ ਕਮਿਸ਼ਨਰ ਥੋਰੀ ਨੇ ਦੱਸਿਆ ਕਿ ਸਮੂਹ ਆਸ਼ਾ ਅਤੇ ਏਐਨਐਮ ਵਰਕਰ ਯੋਗ ਲਾਭਪਾਤਰੀਆਂ ਦਾ ਪਤਾ ਲਗਾਉਣ ਲਈ ਘਰ-ਘਰ ਜਾ ਰਹੇ ਹਨ ਅਤੇ ਉਨ੍ਹਾਂ ਦੇ ਪ੍ਰਮਾਣ ਪੱਤਰ ਦੀ ਪੁਸ਼ਟੀ ਤੋਂ ਬਾਅਦ ਉਹ ਡਾਕਟਰੀ ਟੀਮਾਂ ਨਾਲ ਵੇਰਵੇ ਸਾਂਝੇ ਕਰਦੇ ਹਨ, ਜੋ ਬਾਅਦ ਵਿੱਚ ਲਾਭਪਾਤਰੀਆਂ ਦੇ ਟੀਕਾਕਰਨ ਲਈ ਮੌਕੇ ‘ਤੇ ਪਹੁੰਚਦੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਿਵਿਆਂਗ ਲਾਭਪਾਤਰੀ ਹੈਲਪਲਾਈਨ ਨੰਬਰ 0181-2224417′ ਤੇ ਫੋਨ ਕਰਕੇ ਟੀਕਾਕਰਨ ਦੀ ਸਹੂਲਤ ਆਪਣੇ ਘਰ ਵਿੱਚ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਟੀਕਾਕਰਨ ਮੁਹਿੰਮ ਤਹਿਤ ਹਰੇਕ ਯੋਗ ਲਾਭਪਾਤਰੀਆਂ ਨੂੰ ਕਵਰ ਕਰਨ ਦੀ ਜ਼ਿਲ੍ਹਾ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਉਪ ਮੰਡਲ ਮੈਜਿਸਟਰੇਟਸ ਵੱਲੋਂ ਆਪਣੇ ਅਧਿਕਾਰ ਖੇਤਰਾਂ ਵਿੱਚ ਇਸ ਮੁਹਿੰਮ ਦੀ ਪ੍ਰਗਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਹੈਲਥ ਬਲਾਕ ਜਮਸ਼ੇਰ ਵਿਖੇ 180, ਆਦਮਪੁਰ ਵਿਖੇ 290, ਸ਼ਾਹਕੋਟ ਤੇ ਲੋਹੀਆਂ ਵਿਖੇ 30, ਬੜਾ ਪਿੰਡ ਵਿਖੇ 20, ਸ਼ੰਕਰ ਵਿਖੇ 20, ਨਕੋਦਰ ਵਿਖੇ 20 ਅਤੇ ਜਲੰਧਰ ਸ਼ਹਿਰੀ ਵਿਖੇ 40 ਦਿਵਿਆਂਗ ਵਿਅਕਤੀਆਂ ਨੂੰ ਇਸ ਵਿਸ਼ੇਸ਼ ਮੁਹਿੰਮ ਤਹਿਤ ਕਵਰ ਕੀਤਾ ਜਾ ਚੁੱਕਾ ਹੈ।
ਸੀਨੀਅਰ ਮੈਡੀਕਲ ਅਫ਼ਸਰ ਜਮਸ਼ੇਰ ਡਾ. ਆਰਪੀ ਬੈਂਸ ਨੇ ਅੱਗੇ ਦੱਸਿਆ ਕਿ 180 ਦੇ ਕਰੀਬ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਕੋਵਿਡ-19 ਵੈਕਸੀਨ ਦੀ ਖੁਰਾਕ ਉਨ੍ਹਾਂ ਦੇ ਘਰ ਵਿਖੇ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਯੋਗ ਲਾਭਪਾਤਰੀਆਂ ਦੀ ਸੂਚੀ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਈ ਗਈ ਹੈ ਅਤੇ ਸਿਹਤ ਟੀਮਾਂ ਵੱਲੋਂ ਸਮੁੱਚੇ ਸੂਚੀਬੱਧ ਵਿਅਕਤੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।
ਇਸੇ ਤਰ੍ਹਾਂ ਸੀਨੀਅਰ ਮੈਡੀਕਲ ਅਫ਼ਸਰ ਆਦਮਪੁਰ ਡਾ. ਰੀਮਾ ਨੇ ਦੱਸਿਆ ਕਿ ਸਿਹਤ ਟੀਮਾਂ ਵੱਲੋਂ ਸੂਬਾ ਸਰਕਾਰ ਦੁਆਰਾ ਨਿਰਧਾਰਤ ਪ੍ਰੋਟੋਕਾਲ ਦੀ ਪਾਲਾਣਾ ਕਰਦੇ ਹੋਏ ਇਕੱਲੇ ਸ਼ਨੀਵਾਰ ਨੂੰ ਹੀ ਕਰੀਬ 290 ਦਿਵਿਆਂਗ ਲਾਭਪਾਤਰੀਆਂ ਦਾ ਉਨ੍ਹਾਂ ਦੇ ਘਰਾਂ ਵਿੱਚ ਟੀਕਾਕਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ, “ਸਾਡੀਆਂ ਟੀਮਾਂ ਵੱਲੋਂ ਲਗਾਤਾਰ ਹਰੇਕ ਯੋਗ ਲਾਭਪਾਤਰੀ ਤੱਕ ਪਹੁੰਚ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਨਿਰਦੇਸ਼ਾਂ ਅਨੁਸਾਰ ਟੀਕਾਕਰਨ ਤੋਂ ਵਾਂਝਾ ਨਾ ਰਹਿ ਜਾਵੇ।

Related Articles

Leave a Reply

Your email address will not be published. Required fields are marked *

Back to top button
error: Content is protected !!