JalandharPunjab

ਸ਼੍ਰੀ ਦੇਵੀ ਤਲਾਬ ਮੰਦਰ ਵਿਖੇ 5 ਰੋਜ਼ਾ ਕ੍ਰਾਫਟਸ ਮੇਲਾ ਸ਼ੁਰੂ, ਵੱਖ-ਵੱਖ ਸੂਬਿਆਂ ਤੋਂ ਆਏ ਦਸਤਕਾਰਾਂ ਨੇ ਲਾਏ ਸਟਾਲ

ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰ ਵਾਸੀਆਂ ਨੂੰ ਮੇਲੇ 'ਚ ਭਰਵੀਂ ਸ਼ਮੂਲੀਅਤ ਦਾ ਸੱਦਾ

ਕਿਹਾ ਅਜਿਹੇ ਮੇਲਿਆਂ ਰਾਹੀਂ ਵੱਖ-ਵੱਖ ਸੂਬਿਆਂ ਦੀ ਅਮੀਰ ਵਿਰਾਸਤ ਨੂੰ ਜਾਨਣ ਦਾ ਮਿਲਦੈ ਮੌਕਾ
ਜਲੰਧਰ, (ਅਮਰਜੀਤ ਸਿੰਘ ਲਵਲਾ)
ਸ਼੍ਰੀ ਦੇਵੀ ਤਲਾਬ ਮੰਦਰ ਕੰਪਲੈਕਸ ਵਿਖੇ ਪੰਜ ਰੋਜ਼ਾ ਕ੍ਰਾਫਟਸ ਮੇਲਾ ਸ਼ੁਰੂ ਹੋਇਆ, ਜਿਸ ਵਿੱਚ ਵੱਖ-ਵੱਖ ਸੂਬਿਆਂ ਤੋਂ ਆਏ ਕਾਰੀਗਰਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਉਤਪਾਦਾਂ ਦੇ 13 ਸਟਾਲ ਲਗਾਏ ਗਏ ਹਨ।

ਕ੍ਰਾਫਟਸ ਮੇਲੇ ਦੀ ਸ਼ੁਰੂਆਤ ਕਰਵਾਉਂਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸ਼੍ਰੀ ਬਾਬਾ ਹਰਿਵੱਲਭ ਸੰਗੀਤ ਮਹਾ ਸਭਾ ਵੱਲੋਂ ਨੋਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਇਹ ਮੇਲਾ ਲਗਾਇਆ ਗਿਆ ਹੈ, ਜਿਸ ਵਿੱਚ ਉਤਰਪ੍ਰਦੇਸ਼, ਮਹਾਂਰਾਸ਼ਟਰ, ਮੱਧ ਪ੍ਰਦੇਸ਼, ਦਿੱਲੀ, ਜੰਮੂ ਕਸ਼ਮੀਰ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ ਦਸਤਕਾਰਾਂ ਵੱਲੋਂ ਆਪਣੇ ਉਤਪਾਦਾਂ ਦੇ ਸਟਾਲ ਲਗਾਏ ਗਏ ਹਨ। ਇਹ ਮੇਲਾ ਸ਼੍ਰੀ ਹਰਿਵੱਲਬ ਸੰਗੀਤ ਸੰਮੇਲਨ ਦੀ 26 ਦਸੰਬਰ ਨੂੰ ਸਮਾਪਤੀ ਤੱਕ ਲਗਾਤਾਰ ਚੱਲੇਗਾ। ਉਨ੍ਹਾਂ ਨੇ ਪ੍ਰਬੰਧਕਾਂ ਨੂੰ ਸੰਗੀਤ ਸੰਮੇਲਨ ਮੌਕੇ ਕ੍ਰਾਫਟਸ ਮੇਲਾ ਕਰਵਾਉਣ ‘ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਵਾਰ ਸ਼ਹਿਰ ਵਾਸੀਆਂ ਨੂੰ ਤਿੰਨ ਦੀ ਬਜਾਏ ਪੰਜ ਦਿਨ ਇਸ ਮੇਲੇ ਦਾ ਆਨੰਦ ਮਾਨਣ ਦਾ ਮੌਕਾ ਮਿਲੇਗਾ, ਜਿਥੇ ਬਨਾਰਸੀ ਸੂਟ, ਸਾੜੀਆਂ, ਕਾਰਪੇਟ, ਬੀਡ ਜਵੈਲਰੀ, ਪੰਜਾਬੀ ਜੁੱਤੀ, ਮਿੱਟੀ ਦੇ ਬਰਤਨ, ਸਾਫਟ ਟੋਆਇਜ਼ ਸਮੇਤ ਹੋਰ ਕਈ ਤਰ੍ਹਾਂ ਦੇ ਸਮਾਨ ਦੀ ਪੇਸ਼ਕਾਰੀ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਥੋਰੀ ਨੇ ਮੇਲੇ ਵਿੱਚ ਲਗਾਈ ਗਈ ਹਰੇਕ ਸਟਾਲ ‘ਤੇ ਜਾ ਕੇ ਦਸਤਕਾਰਾਂ ਵੱਲੋਂ ਤਿਆਰ ਕੀਤੇ ਗਏ ਸਾਮਾਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਵੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਮੇਲਿਆਂ ਦੇ ਜ਼ਰੀਏ ਜਿਥੇ ਸਾਨੂੰ ਵੱਖ-ਵੱਖ ਸੂਬਿਆਂ ਦੀ ਅਮੀਰ ਵਿਰਾਸਤ ਨੂੰ ਜਾਨਣ ਦਾ ਮੌਕਾ ਮਿਲਦਾ ਹੈ ਉਥੇ ਉਨ੍ਹਾਂ ਸੂਬਿਆਂ ਵਿੱਚ ਹਸਤਕਲਾ ਦੀ ਮੁਹਾਰਤ ਵੀ ਦੇਖਣ ਨੂੰ ਮਿਲਦੀ ਹੈ। ਉਨ੍ਹਾਂ ਨੇ ਜਲੰਧਰ ਵਾਸੀਆਂ ਨੂੰ ਸੱਦਾ ਦਿੱਤਾ ਕਿ ਕ੍ਰਾਫਟਸ ਮੇਲੇ ਵਿੱਚ ਭਰਵੀਂ ਸ਼ਮੂਲੀਅਤ ਯਕੀਨੀ ਬਣਾਈ ਜਾਵੇ ਤਾਂ ਜੋ ਦਸਤਕਾਰਾਂ ਦੀ ਕਲਾ ਨੂੰ ਭਰਵਾਂ ਹੁੰਗਾਰਾ ਮਿਲ ਸਕੇ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸ਼੍ਰੀ ਹਰਿਵੱਲਭ ਭਵਨ ਵਿਖੇ ਬਣ ਰਹੇ ਆਡੀਟੋਰੀਅਮ ਦਾ ਦੌਰਾ ਵੀ ਕੀਤਾ ।
ਇਸ ਮੌਕੇ ਉਨ੍ਹਾਂ ਨਾਲ ਹਰਿਵੱਲਭ ਸੰਗੀਤ ਮਹਾ ਸਭਾ ਦੇ ਪ੍ਰਧਾਨ ਪੂਰਨਿਮਾ ਬੇਰੀ, ਡਾਇਰੈਕਟਰ ਐਸਐਚ ਅਜਮਲ, ਸਕੱਤਰ ਨਿਤਿਨ ਕਪੂਰ ਤੇ ਸੰਗਤ ਰਾਮ, ਖਜ਼ਾਨਚੀ ਰਮੇਸ਼ ਮੋਦਗਿੱਲ, ਸਕੱਤਰ ਦੇਵੀ ਤਲਾਬ ਮੰਦਰ ਰਾਜੇਸ਼ ਵਿੱਜ ਅਤੇ ਨੋਰਥ ਜ਼ੋਨ ਕਲਚਰਲ ਸੈਂਟਰ ਤੋਂ ਰਵਿੰਦਰ ਸ਼ਰਮਾ ਤੇ ਭੁਪਿੰਦਰ ਸਿੰਘ ਵੀ ਮੌਜੂਦ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!