
*ਏਡੀਸੀ ਜਸਪ੍ਰੀਤ ਸਿੰਘ ਨੇ ਮੀਟਿੰਗ ਕਰਕੇ ਜਿਲੇ ਦੀਆਂ ਸਮੂਹ ਬੈਂਕਾਂ ਨੂੰ ਦਿੱਤੇ ਲੋੜੀਂਦੇ ਨਿਰਦੇਸ਼*
ਜਲੰਧਰ (ਅਮਰਜੀਤ ਸਿੰਘ ਲਵਲਾ)
ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਫਸਰ ਘਣਸ਼ਿਆਮ ਥੋਰੀ ਦੀਆਂ ਹਦਾਇਤਾਂ ’ਤੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਿਲੇ ਦੀਆਂ ਸਮੂਹ ਬੈਂਕਾਂ ਨੂੰ ਅੱਜ ਨਿਰਦੇਸ਼ ਦਿੱਤੇ ਗਏ ਕਿ ਕਿਸੇ ਵੀ ਕਿਸਮ ਦੀ ਸ਼ੱਕੀ ਟਰਾਂਜ਼ੈਕਸ਼ਨ ਦੀ ਤੁਰੰਤ ਸੂਚਨਾ ਜਿਲਾ ਚੋਣ ਦਫਤਰ ਨੂੰ ਦਿੱਤੀ ਜਾਵੇ ਤਾਂ ਜੋ ਇਸ ਸਬੰਧੀ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।
ਬੈਂਕਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਚੋਣ ਲੜ ਰਹੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਖਾਤਿਆਂ ਵਿਚ 1 ਲੱਖ ਰੁਪਏ ਤੋਂ ਵੱਧ ਦੀ ਰਕਮ ਜਮ੍ਹਾਂ ਅਤੇ ਕਢਵਾਏ ਜਾਣ ‘ਤੇ ਵੀ ਨਿਗਰਾਨੀ ਰੱਖੀ ਜਾਵੇ ਅਤੇ ਜੇਕਰ ਕਿਸੇ ਖਾਤੇ ਵਿਚੋਂ 10 ਲੱਖ ਰੁਪਏ ਤੋਂ ਵੱਧ ਦਾ ਲੈਣ-ਦੇਣ ਕੀਤਾ ਜਾਂਦਾ ਹੈ ਤਾਂ ਇਸ ਸਬੰਧੀ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ। ਇਸੇ ਤਰ੍ਹਾਂ ਇਕ ਬੈਂਕ ਖਾਤੇ ’ਚੋਂ ਛੋਟੀਆਂ-ਛੋਟੀਆਂ ਕਈ ਟਰਾਂਜ਼ੈਕਸ਼ਨਾਂ ਇੱਕ ਹੀ ਜਾਂ ਇਸ ਤੋਂ ਵੱਧ ਖਾਤਿਆਂ ਵਿਚ ਵਾਰ-ਵਾਰ ਜਮਾਂ ਕਰਵਾਉਣ ’ਤੇ ਵੀ ਨਿਗ੍ਹਾ ਰੱਖੀ ਜਾਵੇ।
ਵਧੀਕ ਡਿਪਟੀ ਕਮਿਸ਼ਨਰ(ਵਿਕਾਸ)-ਕਮ-ਵਧੀਕ ਜਿਲਾ ਚੋਣ ਅਫਸਰ ਜਸਪ੍ਰੀਤ ਸਿੰਘ ਨੇ ਲੀਡ ਬੈਂਕ ਮੈਨੇਜਰ ਅਤੇ ਹੋਰਨਾਂ ਬੈਂਕਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਇਸ ਸਬੰਧੀ ਵਿਸ਼ੇਸ਼ ਮੀਟਿੰਗ ਕਰਦਿਆਂ ਕਿਹਾ ਕਿ ਚੋਣ ਜਾਬਤੇ ਦੌਰਾਨ ਚੋਣ ਕਮਿਸ਼ਨ ਦੀਆਂ ਬੈਂਕਾਂ ਦੇ ਸੰਦਰਭ ’ਚ ਜਾਰੀ ਹਦਾਇਤਾਂ ਦੀ ਮੁਕੰਮਲ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਸਾਰੀਆਂ ਬੈਂਕਾਂ ਵਲੋਂ ਇਸ ਸਬੰਧੀ ਰੋਜਾਨਾ ਰਿਪੋਰਟ ਦਿੱਤੀ ਜਾਵੇਗੀ ਅਤੇ ਜੇਕਰ ਇੱਕ ਲੱਖ ਰੁਪਏ ਤੋਂ ਵੱਧ ਦੀ ਕੋਈ ਵੀ ਸ਼ੱਕੀ ਟਰਾਂਜ਼ੈਕਸ਼ਨ ਹੁੰਦੀ ਹੈ ਤਾਂ ਉਸ ਬਾਰੇ ਜਾਣਕਾਰੀ ਜਿਲਾ ਚੋਣ ਦਫਤਰ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਇਨ੍ਹਾਂ ਹਦਾਇਤਾਂ ਦਾ ਮਕਸਦ ਹੈ ਕਿ ਪੈਸੇ ਦੀ ਦੁਰਵਰਤੋਂ ਕਰਕੇ ਵੋਟਰਾਂ ਨੂੰ ਪ੍ਰਭਾਵਿਤ ਨਾ ਕੀਤਾ ਜਾ ਸਕੇ।
ਮੀਟਿੰਗ ਵਿਚ ਇਹ ਵੀ ਦੱਸਿਆ ਗਿਆ ਕਿ ਇਸ ਦੌਰਾਨ ਆਮ ਲੋਕਾਂ ਅਤੇ ਖਾਤਾਧਾਰਕਾਂ ਨੂੰ ਬੈਂਕਾਂ ਵਿਚ ਰੋਜ਼ਾਨਾ ਦੇ ਕੰਮ-ਕਾਜ, ਲੈਣ-ਦੇਣ ਆਦਿ ਲਈ ਕਿਸੇ ਪਰੇਸ਼ਾਨੀ ਦਾ ਸਾਹਮਣਾ ਵੀ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਸ਼ੱਕੀ ਲੈਣ-ਦੇਣ ਹੁੰਦਾ ਹੈ ਤਾਂ ਇਸ ਸਬੰਧੀ ਘੱਟੋ-ਘੱਟ ਸਮੇਂ ਵਿਚ ਸਬੰਧਤ ਅਥਾਰਟੀ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ। ਉਨ੍ਹਾਂ ਕਿਹਾ ਕਿ ਫੰਡਾਂ ਦੇ ਸ਼ੱਕੀ ਮਾਮਲਿਆਂ ਵਿਚ ਵੀ ਲਾਜਮੀ ਰਿਪੋਰਟ ਕੀਤੀ ਜਾਵੇ। ਇਸ ਦੌਰਾਨ ਐਲਡੀਐਮ-ਕਮ-ਨੋਡਲ ਅਧਿਕਾਰੀ ਮਾਈਕ੍ਰੋ ਆਬਜ਼ਰਵਰ ਜੈ ਭੂਸ਼ਣ, ਸਹਾਇਕ ਮਾਈਕ੍ਰੋ ਆਬਜ਼ਰਵਰ ਜਗਦੀਸ਼ ਕੁਮਾਰ ਅਤੇ ਸਮੂਹ ਬੈਂਕਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।



