
ਅਧਿਕਾਰੀ ਨੂੰ ਡਿਊਟੀ ਪ੍ਰਤੀ ਲਗਨ ਅਤੇ ਬੇਮਿਸਾਲ ਕੰਮ ਕਰਕੇ ਤੀਜੀ ਵਾਰ ਮਿਲਿਆ ਹੈ ਇਹ ਸਨਮਾਨ
ਜਲੰਧਰ ਗਲੋਬਲ ਆਜਤੱਕ
ਡੀਐਸਪੀ ਆਦਮਪੁਰ ਜਲੰਧਰ ਦਿਹਾਤੀ ਸਰਬਜੀਤ ਰਾਏ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ, ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣ ਲਈ ਡੀਜੀਪੀ ਸਪੈਸ਼ਲ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਹ ਤੀਜੀ ਵਾਰ ਹੈ ਜਦੋਂ ਡੀਐਸਪੀ ਰਾਏ ਨੂੰ ਉਨ੍ਹਾਂ ਦੀ ਵਡਮੁੱਲੀ ਸੇਵਾ ਲਈ ਇਹ ਵਿਸ਼ੇਸ਼ ਸਨਮਾਨ ਦਿੱਤਾ ਗਿਆ ਹੈ।
ਇੰਸਪੈਕਟਰ ਜਨਰਲ ਆਫ ਪੁਲਿਸ ਜਲੰਧਰ ਰੇਂਜ ਜੀਐਸ. ਸੰਧੂ ਨੇ ਮੰਗਲਵਾਰ ਨੂੰ ਡੀਐਸਪੀ ਸਰਬਜੀਤ ਰਾਏ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਉਹ ਭਵਿੱਖ ਵਿੱਚ ਵੀ ਆਪਣੀ ਡਿਊਟੀ ਬਾਖੂਬੀ ਨਿਭਾਉਂਦੇ ਰਹਿਣਗੇ। ਰਾਏ ਨੂੰ ਉਨ੍ਹਾਂ ਦੇ ਫਰਜ਼ਾਂ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਲਈ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ।
ਡੀਐਸਪੀ ਇਨਵੈਸਟੀਗੇਸ਼ਨ ਹੁਸ਼ਿਆਰਪੁਰ ਵਜੋਂ ਸ਼ਾਨਦਾਰ ਕਾਰਗੁਜ਼ਾਰੀ ਲਈ ਸਨਮਾਨਿਤ ਪੁਲਿਸ ਅਧਿਕਾਰੀ ਰਾਏ ਨੂੰ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ। ਉਹ ਪਿਛਲੇ ਕੁਝ ਸਾਲਾਂ ਸਰਕਾਰ ਵਲੋਂ ਦਹਿਸ਼ਤੀ ਮਾਡਿਊਲਾਂ ਦਾ ਪਰਦਾਫਾਸ਼ ਕਰਨ ਅਤੇ ਸੂਬੇ ਵਿੱਚੋਂ ਗੈਂਗਸਟਰਾਂ ਨੂੰ ਖ਼ਤਮ ਕਰਨ ਲਈ ਚਲਾਈ ਮੁਹਿੰਮ ਵਿੱਚ ਸਰਗਰਮ ਰਹੇ ਹਨ। ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਵੀ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਹੈ।
ਰਾਏ ਨੇ ਕੋਵਿਡ ਮਹਾਂਮਾਰੀ ਦੌਰਾਨ ਵੀ ਸਮਾਜ ਦੀ ਸ਼ਲਾਘਾਯੋਗ ਸੇਵਾ ਕੀਤੀ।ਉਹ ਵੱਖ-ਵੱਖ ਜ਼ਿਲਿਆਂ ਵਿਚ ਪੁਲਿਸ ਅਧਿਕਾਰੀ ਵਜੋਂ ਵੱਖ-ਵੱਖ ਅਹੁਦਿਆਂ ‘ਤੇ ਤਾਇਨਾਤ ਰਹੇ ਹਨ।
ਇਸ ਵੱਕਾਰੀ ਪੁਰਸਕਾਰ ਲਈ ਡੀਜੀਪੀ ਪੰਜਾਬ ਗੌਰਵ ਯਾਦਵ ਦਾ ਧੰਨਵਾਦ ਕਰਦਿਆਂ ਡੀਐਸਪੀ ਸਰਬਜੀਤ ਰਾਏ ਨੇ ਕਿਹਾ ਕਿ ਉਹ ਇਸ ਦੁਰਲੱਭ ਸਨਮਾਨ ਲਈ ਚੁਣੇ ਜਾਣ ‘ਤੇ ਬਹੁਤ ਖੁਸ਼ ਹਨ। ਉਸ ਨੇ ਅੱਗੇ ਕਿਹਾ ਕਿ ਇਸ ਪੁਰਸਕਾਰ ਨੇ ਉਨਾਂ ਨੂੰ ਸਮਾਜ ਦੀ ਸੇਵਾ ਕਰਨ ਲਈ ਨਵੇਂ ਜੋਸ਼ ਨਾਲ ਭਰ ਦਿੱਤਾ ਹੈ। ਰਾਏ ਨੇ ਆਪਣੀ ਡਿਊਟੀ ਕੁਸ਼ਲਤਾ ਨਾਲ ਨਿਭਾਉਣ ਲਈ ਵੱਡਮੁੱਲੀ ਮਾਰਗ ਦਰਸ਼ਨ ਦੇਣ ਲਈ ਪੁਲਿਸ ਇੰਸਪੈਕਟਰ ਜਨਰਲ ਦਾ ਵੀ ਧੰਨਵਾਦ ਕੀਤਾ।



