
1971 ਦੇ ਭਾਰਤ-ਪਾਕਿ ਯੁੱਧ ‘ਚ ਪਾਕਿਸਤਾਨ ਉੱਤੇ ਜਿੱਤ ਦੀ 50 ਵੀਂ ਵਰ੍ਹੇਗੰਢ ਨੂੰ ‘ਸਵਰਨਿਮ ਵਿਜੈ ਵਰਸ਼’ ਵਜੋਂ ਮਨਾਇਆ
ਜਲੰਧਰ (ਅਮਰਜੀਤ ਸਿੰਘ ਲਵਲਾ)
ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਜਲੰਧਰ ਛਾਉਣੀ ਵਿਖੇ ਵਜਰਾ ਕੋਰ ਦਾ ਦੌਰਾ ਕੀਤਾ ਅਤੇ 14 ਅਗਸਤ 2021 ਨੂੰ ਭਾਰਤੀ ਫੌਜ ਦੇ ‘ਡਿਫੈਂਡਰਸ ਓਫ ਪੰਜਾਬ’ ਵਜੋਂ ਜਾਣੇ ਜਾਂਦੇ ਵਜਰਾ ਕੋਰ ਦੁਆਰਾ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਵਿੱਚ ਵੈਟਰਨਜ਼ ਅਤੇ ਵੀਰ ਨਾਰੀਆਂ ਦਾ ਸਨਮਾਨ ਕੀਤਾ।
1971 ਦੇ ਭਾਰਤ-ਪਾਕਿ ਯੁੱਧ ਵਿੱਚ ਪਾਕਿਸਤਾਨ ਉੱਤੇ ਜਿੱਤ ਦੀ 50 ਵੀਂ ਵਰ੍ਹੇਗੰਢ ਨੂੰ ਸੁਨਹਿਰੀ ਜਿੱਤ ਦੇ ਸਾਲ ‘ਸਵਰਨਿਮ ਵਿਜੈ ਵਰਸ਼’ ਵਜੋਂ ਮਨਾਉਣ ਅਤੇ ਉਸ ਯੁੱਧ ਵਿੱਚ ਹਿੱਸਾ ਲੈਣ ਵਾਲੇ ਵੈਟਰਨਜ਼ ਦਾ ਸਨਮਾਨ ਕਰਨ ਲਈ ਇਹ ਸਮਾਗਮ ਆਯੋਜਿਤ ਕੀਤਾ ਗਿਆ ਸੀ। ਰਾਜਪਾਲ ਦਾ ਸਵਾਗਤ ਅਤੇ ਸੰਚਾਲਨ ਲੈਫਟੀਨੈਂਟ ਜਨਰਲ ਸੀ ਬੰਸੀ ਪੋਨੱਪਾ, ਜਨਰਲ ਅਫ਼ਸਰ ਕਮਾਂਡਿੰਗ ਵਜਰਾ ਕੋਰ ਦੁਆਰਾ ਕੀਤਾ ਗਿਆ। ਰਾਜਪਾਲ ਨੇ ਭਾਰਤੀ ਫੌਜ ਦੇ ਬਹਾਦਰ ਸੈਨਿਕਾਂ ਨੂੰ ਵਜਰਾ ਸ਼ੌਰਿਆ ਸਥਲ ‘ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਫਿਰ ਉਨ੍ਹਾਂ ਵਜਰਾ ਅਜਾਇਬ ਘਰ ਦਾ ਦੌਰਾ ਕੀਤਾ।
ਇਸ ਤੋਂ ਬਾਅਦ ਵੈਟਰਨਜ਼ ਅਤੇ ਸ਼ਹੀਦਾਂ ਲਈ ਆਯੋਜਿਤ ਸਨਮਾਨ ਸਮਾਰੋਹ ਵਿੱਚ ਮਾਣਯੋਗ ਰਾਜਪਾਲ ਨੇ 20 ਸਾਬਕਾ ਫੌਜੀਆਂ ‘ਤੇ ਵੀਰ ਨਾਰੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਮਾਣਯੋਗ ਰਾਜਪਾਲ ਨੇ ਭਾਰਤ ਮਾਤਾ ਦੇ ਮਾਣਮੱਤੇ ਪੁੱਤਰਾਂ ਨੂੰ ਯਾਦ ਕੀਤਾ, ਜਿਨ੍ਹਾਂ ਨੇ 1971 ਦੀ ਭਾਰਤ-ਪਾਕਿ ਜੰਗ ਦੌਰਾਨ ਸਰਵਉੱਚ ਕੁਰਬਾਨੀ ਦਿੱਤੀ ਸੀ। ਉਨ੍ਹਾਂ ਨੇ ਭਾਰਤੀ ਫੌਜ ਦੀ ਪੇਸ਼ੇਵਰਤਾ ਅਤੇ ਨੈਤਿਕਤਾ ਵਿੱਚ ਡੂੰਘਾ ਵਿਸ਼ਵਾਸ ਪ੍ਰਗਟ ਕੀਤਾ ਅਤੇ ਰਾਸ਼ਟਰ ਨਿਰਮਾਣ ਵਿੱਚ ਫੌਜ ਦੇ ਅਨਮੋਲ ਯੋਗਦਾਨ ਦੀ ਪ੍ਰਸ਼ੰਸਾ ਕੀਤੀ।
ਕੋਵਿਡ-19 ਸੰਬੰਧੀ ਸਾਰੀਆਂ ਸਾਵਧਾਨੀਆਂ ਨੂੰ ਯਕੀਨੀ ਬਣਾਉਂਦੇ ਹੋਏ ਸਮਾਰੋਹ ਵਿੱਚ ਸੀਨੀਅਰ ਫੌਜੀ ਅਧਿਕਾਰੀ, 1971 ਦੇ ਜੰਗੀ ਸੈਨਿਕ, ਵੀਰ ਨਾਰੀਆਂ, ਸੇਵਾ ਕਰ ਰਹੇ ਸਿਪਾਹੀ ਅਤੇ ਸਿਵਲ ਪਤਵੰਤੇ ਸ਼ਾਮਲ ਹੋਏ।
ਗ੍ਰੀਨ ਅਰਥ ਮੁਹਿੰਮ ਨੂੰ ਸਮਰਥਨ ਦਿੰਦੇ ਹੋਏ ਮਾਨਯੋਗ ਰਾਜਪਾਲ ਨੇ ਇੱਕ ਬੂਟਾ ਲਗਾਇਆ ਅਤੇ ਹਰੇਕ ਨੂੰ ਵਾਤਾਵਰਣ ਦੀ ਰੱਖਿਆ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਉਤਸ਼ਾਹਿਤ ਕੀਤਾ।



