
ਬਿਊਟੀ ਪਾਰਲਰ ਮੈਨੇਜਮੈਂਟ ਟ੍ਰੇਨਿੰਗ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਮੌਕੇ ਸਿਖਲਾਈ ਪ੍ਰਾਪਤ ਲੜਕੇ, ਲੜਕੀਆਂ ਨੂੰ ਵੰਡੇ ਸਰਟੀਫਿਕੇਟ
ਜਲੰਧਰ (ਅਮਰਜੀਤ ਸਿੰਘ ਲਵਲਾ)
ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਲਈ ਮੁਫ਼ਤ ਸਿਖਲਾਈ ਦੇਣ ਲਈ ਚਲਾਈ ਜਾ ਰਹੀ ਰੂਡਸੇਟ ਸੰਸਥਾ, ਜਲੰਧਰ ਵੱਲੋਂ ਕਰਵਾਏ ਜਾ ਰਹੇ ਮੁਫ਼ਤ ਸਿਖਲਾਈ ਪ੍ਰੋਗਰਾਮਾਂ ਦੀ ਲੜੀ ਤਹਿਤ ਅੱਜ ਬਿਊਟੀ ਪਾਰਲਰ ਮੈਨੇਜਮੈਂਟ ਟ੍ਰੇਨਿੰਗ ਪ੍ਰੋਗਰਾਮ ਦਾ ਸਮਾਪਤੀ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿੱਚ 33 ਨੌਜਵਾਨ ਲੜਕੀਆਂ ਨੇ ਭਾਗ ਲਿਆ।
ਇਸ ਪ੍ਰੋਗਰਾਮ ਵਿੱਚ ਰੰਜਨ ਕੁਮਾਰ ਡਵੀਜ਼ਨਲ ਮੈਨੇਜਰ, ਕੇਨਰਾ ਬੈਂਕ,ਰੀਜ਼ਨਲ ਦਫਤਰ, ਜਲੰਧਰ, ਸ਼੍ਰੀਮਤੀ ਸਵਿਤਾ ਸਿੰਘ, ਡੀਡੀਐਮ, ਨਬਾਰਡ, ਜਲੰਧਰ, ਜੈ ਭੂਸ਼ਨ, ਐਲਡੀਐਮ ਯੂਕੋ ਬੈਂਕ, ਜਲੰਧਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਇਸ ਮੌਕੇ ਤਰੁਨ ਕੁਮਾਰ ਸੇਠੀ, ਨਿਦੇਸ਼ਕ, ਰੂਡਸੇਟ ਸੰਸਥਾ, ਜਲੰਧਰ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਇਹ ਸੰਸਥਾ ਐਸਡੀਐਮਈ ਟਰੱਸਟ ਅਤੇ ਕੇਨਰਾ ਬੈਂਕ ਵੱਲੋਂ ਪ੍ਰਾਯੋਜਿਤ ਹੈ। 18-45 ਸਾਲ ਦੇ ਨੌਜਵਾਨ ਲੜਕੇ, ਲੜਕੀਆਂ ਇਸ ਸੰਸਥਾ ਤੋਂ ਸਵੈ-ਰੋਜ਼ਗਾਰ ਲਈ ਸਿਖਲਾਈ ਲੈ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਸੰਸਥਾ ਦੇ ਸਾਰੇ ਸਿਖਲਾਈ ਪ੍ਰੋਗਰਾਮ ਮੁਫ਼ਤ ਹਨ, ਰਹਿਣ ਅਤੇ ਭੋਜਨ ਦੀ ਵਿਵਸਥਾ ਵੀ ਸੰਸਥਾ ਵੱਲੋਂ ਮੁਫ਼ਤ ਕੀਤੀ ਜਾਂਦੀ ਹੈ। ਸਿਖਲਾਈ ਪ੍ਰਾਪਤ ਨੌਜਵਾਨ ਲੜਕੇ, ਲੜਕੀਆਂ ਨੂੰ ਆਪਣਾ ਕਾਰੋਬਾਰ ਆਰੰਭ ਕਰਨ ਲਈ ਬੈਂਕਾਂ ਵੱਲੋਂ ਵਿੱਤੀ ਸਹਾਇਤਾ ਵੀ ਮਿਲ ਸਕਦੀ ਹੈ। ਕੋਈ ਵੀ ਨੌਜਵਾਨ ਲੜਕਾ, ਲੜਕੀ, ਜੋ ਸਵੈ-ਰੋਜ਼ਗਾਰ ਨੂੰ ਸ਼ੁਰੂ ਕਰਨਾ ਚਾਹੁੰਦਾ ਹੈ, ਸੰਸਥਾ ਤੋਂ ਲਾਭ ਉਠਾ ਸਕਦਾ ਹੈ।
ਰੰਜਨ ਕੁਮਾਰ ਡਵੀਜ਼ਨਲ ਮੈਨੇਜਰ, ਕੇਨਰਾ ਬੈਂਕ, ਰੀਜ਼ਨਲ ਦਫ਼ਤਰ, ਜਲੰਧਰ ਨੇ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਬੈਕਾਂ ਵੱਲੋਂ ਹਰ ਤਰ੍ਹਾਂ ਵਿੱਤੀ ਸਹਾਇਤਾ ਦੇਣ ਦਾ ਵਿਸ਼ਵਾਸ ਦਿਵਾਇਆ। ਉਨ੍ਹਾਂ ਰੂਡਸੇਟ ਸੰਸਥਾ, ਜਲੰਧਰ ਵੱਲੋਂ ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਵੀ ਕੀਤੀ।
ਜੈ ਭੂਸ਼ਨ , ਲੀਡ ਜ਼ਿਲ੍ਹਾ ਮੈਨੇਜਰ, ਯੂਕੋ ਬੈਂਕ, ਜਲੰਧਰ ਨੇ ਨੌਜਵਾਨ ਲੜਕੇ, ਲੜਕੀਆਂ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਅਤੇ ਸਵੈ-ਰੋਜ਼ਗਾਰ ਲਈ ਉਨ੍ਹਾਂ ਨੇ ਬੈਂਕਾਂ ਵੱਲੋਂ ਹਰ ਤਰ੍ਹਾਂ ਵਿੱਤੀ ਸਹਾਇਤਾ ਦਾ ਵਿਸ਼ਵਾਸ ਦਿਵਾਇਆ।
ਸ਼੍ਰੀਮਤੀ ਸਵਿਤਾ ਸਿੰਘ, ਡੀਡੀਐਮ ਨਬਾਰਡ, ਜਲੰਧਰ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੜਕੇ ਅਤੇ ਲੜਕੀਆਂ ਵਿੱਚ ਕੋਈ ਫਰਕ ਨਹੀਂ ਹੈ। ਹਰ ਲੜਕੀ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਹੋਣਾ ਚਾਹੀਦਾ ਹੈ ਤਾਂ ਜੋ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਉਜਵਲ ਬਣਾ ਸਕਣ।
ਅਖੀਰ ਵਿੱਚ ਹਾਜ਼ਰ ਮਹਿਮਾਨਾਂ ਵੱਲੋਂ ਸਿਖਲਾਈ ਪ੍ਰਾਪਤ ਕਰਨ ਵਾਲੇ ਨੌਜਵਾਨ ਲੜਕੇ, ਲੜਕੀਆਂ ਨੂੰ ਪ੍ਰਮਾਣ ਪੱਤਰ ਦਿੱਤੇ ਗਏ। ਇਸ ਮੌਕੇ ਕੋਮਲਪ੍ਰੀਤ ਕੌਰ, ਗੈਸਟ ਫੈਕਲਟੀ, ਰੂਡਸੇਟ ਜਲੰਧਰ ਅਤੇ ਪਰਗਟ ਸਿੰਘ, ਸੀਨੀਅਰ ਫੈਕਲਟੀ, ਰੂਡਸੇਟ ਜਲੰਧਰ ਮੌਜੂਦ ਸਨ।



