
*ਜੀਪੀਓ ਦੀਆਂ ਮਹਿਲਾ ਕਰਮਚਾਰੀਆਂ ਨੂੰ ਕੈਂਸਰ ਸੰਬੰਧੀ ਦਿੱਤੀ ਜਾਣਕਾਰੀ*
ਜਲੰਧਰ *ਗਲੋਬਲ ਆਜਤੱਕ*
ਕੈਂਸਰ ਵਰਗੀ ਭਿਆਨਕ ਬਿਮਾਰੀ ਦੇ ਵੱਧ ਰਹੇ ਅੰਕੜੇ ਅੱਜ ਦੇ ਸਮੇਂ ਵਿੱਚ ਗੰਭੀਰ ਚਿੰਤਾ ਦਾ ਵਿਸ਼ਾ ਬਣ ਰਹੇ ਹਨ। ਇਸ ਦੇ ਮੱਦੇਨਜਰ ਸ਼ੁਕਰਵਾਰ ਨੂੰ ਸਿਹਤ ਵਿਭਾਗ ਵੱਲੋਂ ਜਨਰਲ ਪੋਸਟ ਆਫਿਸ (ਜੀਪੀਓ) ਜਲੰਧਰ ਵਿਖੇ ਕੈਂਸਰ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੌਰਾਨ ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੌਰ ਥਿੰਦ ਵੱਲੋਂ ਮੁੱਖ ਵਕਤਾ ਦੇ ਤੌਰ ਤੇ ਸਮੂਹ ਪੋਸਟ ਆਫਿਸ ਸਟਾਫ ਨੂੰ ਕੈਂਸਰ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਸੀਨੀਅਰ ਪੋਸਟ ਮਾਸਟਰ ਸ੍ਰੀ ਭੀਮ ਸਿੰਘ ਪੰਚਾਲ, ਬੀਈਈ ਰਾਕੇਸ਼ ਸਿੰਘ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਏਐਸਪੀ ਹੈਡ ਕਵਾਰਟਰ ਜਲੰਧਰ ਆਰਤੀ ਕੁਮਾਰ, ਕਲਰਕ ਮਧੂ ਕੁਮਾਰੀ ਅਤੇ ਜੀਪੀਓ ਦਾ ਸਟਾਫ ਮੌਜੂਦ ਸੀ।
ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੌਰ ਥਿੰਦ ਵੱਲੋਂ ਦੱਸਿਆ ਕਿ ਵਿਸ਼ਵ ਭਰ ਵਿੱਚ ਕੈਂਸਰ ਦੇ ਮਰੀਜਾਂ ਦੇ ਮਾਮਲਿਆਂ ਵਿੱਚ ਭਾਰਤ ਤੀਜੇ ਨੰਬਰ ਉੱਤੇ ਹੈ, ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ ਅਤੇ ਮਾਹਿਰਾਂ ਮੁਤਾਬਕ ਇਹ ਗਿਣਤੀ 2030 ਤੱਕ ਦੁੱਗਣੀ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਉਨ੍ਹਾਂ ਨੇ ਔਰਤਾਂ ਦੇ ਵਿੱਚ ਹੋਣ ਵਾਲੇ ਬੱਚੇਦਾਨੀ ਦੇ ਕੈਂਸਰ, ਬੱਚੇਦਾਨੀ ਦੇ ਮੂੰਹ ਦੇ ਕੈਂਸਰ, ਬ੍ਰੈਸਟ ਕੈਂਸਰ ਆਦਿ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਇੱਕ ਰਿਪੋਰਟ ਮੁਤਾਬਕ ਹਰ 8 ਮਿੰਟ ਵਿੱਚ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੋਣ ਕਾਰਣ 1 ਔਰਤ ਦੀ ਮੌਤ ਹੋ ਰਹੀ ਹੈ।
ਡਾ. ਵਰਿੰਦਰ ਕੌਰ ਥਿੰਦ ਵੱਲੋਂ ਦੱਸਿਆ ਕਿ ਸੰਭੋਗ ਤੋਂ ਬਾਅਦ ਖੂਨ, ਗੁਪਤ ਅੰਗ ਵਿੱਚ ਪੀਕ ਰਿਸਣਾ ਅਤੇ ਮਾਹਵਾਰੀ ਦੌਰਾਨ ਵਿਚ-ਵਚਾਲੇ ਜਿਆਦਾ ਖੂਨ ਪੈਣਾ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੋ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਔਰਤ ਦੀ ਛਾਤੀ ਵਿੱਚ ਗੰਢ, ਨਿੱਪਲਾਂ ਦਾ ਅੰਦਰ ਧੱਸਣਾ, ਨਿੱਪਲਾਂ ਵਿਚੋਂ ਖੂਨ ਜਾ ਮਵਾਦ ਵੱਗਣਾ ਛਾਤੀ ਦਾ ਕੈਂਸਰ ਹੋ ਸਕਦਾ ਹੈ ਜਿਸਦੀ ਤੁਰੰਤ ਡਾਕਟਰੀ ਜਾਂਚ ਕਰਵਾਉਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਸ਼ਵ ਵਿਚ ਕੈਂਸਰ ਦੇ ਮਾਮਲੇ ‘ਚ ਤੀਜੇ ਸਥਾਨ ‘ਤੇ ਹੈ ਅਤੇ ਇਸ ਤੋਂ ਉਭਰਨ ਲਈ ਸਾਨੂੰ ਇਕਜੁੱਟ ਹੋ ਕੇ ਕੈਂਸਰ ਪ੍ਰਤੀ ਜਾਗਰੂਕ ਹੋਣਾ ਹੋਵੇਗਾ ਅਤੇ ਕੈਂਸਰ ਦਾ ਕੋਈ ਵੀ ਲੱਛਣ ਦਿਖਣ ‘ਤੇ ਤੁਰੰਤ ਡਾਕਟਰੀ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ ਕਿਉਂਕਿ ਜੇਕਰ ਕੈਂਸਰ ਦੀ ਜਲਦ ਪਹਿਚਾਨ ਹੋ ਜਾਵੇ ਤਾਂ ਇਸਨੂੰ ਗੰਭੀਰ ਰੂਪ ਅਖਤਿਆਰ ਕਰਨ ਤੋਂ ਰੋਕਿਆ ਜਾ ਸਕਦਾ ਹੈ।



