
12 ਤੋਂ 14 ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ ਕੋਰਬੀਵੈਕਸ ਵੈਕਸੀਨੇਸ਼ਨ ਦੀ ਰਸਮੀ ਸ਼ੁਰੂਆਤ
ਜਲੰਧਰ *ਗਲੋਬਲ ਆਜਤੱਕ* (ਅਮਰਜੀਤ ਸਿੰਘ ਲਵਲਾ) ਕੋਵਿਡ-19 ਤੋਂ ਸੁਰੱਖਿਆ ਪ੍ਰਦਾਨ ਕਰਨ ਦੇ ਮਕਸਦ ਨਾਲ 16 ਮਾਰਚ ਨੂੰ 12 ਸਾਲ ਤੋਂ 14 ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ ਕੋਰਬੀਵੈਕਸ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਗਈ। ਜਿਲ੍ਹੇ ਪੱਧਰ ‘ਤੇ ਸਿਵਲ ਸਰਜਨ ਜਲੰਧਰ ਡਾ. ਰਣਜੀਤ ਸਿੰਘ ਘੋਤੜਾ ਵਲੋਂ ਬੁੱਧਵਾਰ ਨੂੰ ਅਰਬਨ ਸੀਐਚਸੀ ਬਸਤੀ ਗੁਜਾਂ ਵਿਖੇ 12 ਸਾਲ ਤੋਂ 14 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੇ ਟੀਕਾਕਰਨ ਦਾ ਰਸਮੀ ਉਦਘਾਟਨ ਕੀਤਾ ਗਿਆ।
ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਕੇਸ਼ ਚੋਪੜਾ, ਐਸਐਮਓ ਡਾ. ਮਹੇਸ਼ ਪ੍ਰਭਾਕਰ, ਡਾ. ਬਲਜੀਤ ਕੁਮਾਰ, ਡਾ. ਤਰਸੇਮ ਲਾਲ, ਡਾ. ਰਵਿੰਦਰ, ਡਾ. ਸਿਮਰਨਜੀਤ ਕੌਰ, ਡਾ. ਜਤਿੰਦਰ ਕੌਰ, ਡਾ. ਮਨਦੀਪ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਅਤੇ ਹੋਰ ਸਟਾਫ ਮੌਜੂਦ ਸੀ।
ਸਿਵਲ ਸਰਜਨ ਡਾ. ਰਣਜੀਤ ਸਿੰਘ ਵਲੋਂ 12 ਤੋਂ 14 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੇ ਕੋਵਿਡ ਟੀਕਾਕਰਨ ਦੀ ਸ਼ੁਰੂਆਤ 13 ਸਾਲ ਦੀ ਜਾਨਵੀ ਅਤੇ 12 ਸਾਲ ਦੀ ਮੁਸਕਾਨ ਨੂੰ ਕੋਰਬੀਵੈਕਸ ਦੀ ਪਹਿਲੀ ਡੋਜ਼ ਲਗਾ ਕੇ ਕੀਤੀ ਗਈ। ਇਸ ਦੌਰਾਨ ਸਿਵਲ ਸਰਜਨ ਵਲੋਂ ਦੱਸਿਆ ਗਿਆ ਕਿ 12 ਤੋਂ 14 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਦੂਜੀ ਡੋਜ਼ 28 ਦਿਨ ਬਾਅਦ ਲੱਗੇਗੀ, ਦੋਵੇਂ ਡੋਜਾਂ ਦਰਮਿਆਨ 28 ਦਿਨ ਦਾ ਵਕਫਾ ਰਹੇਗਾ। ਉਨ੍ਹਾਂ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਵੈਕਸੀਨੇਸ਼ਨ ਦੇ ਪਹਿਲੇ ਦਿਨ ਬੁੱਧਵਾਰ ਨੂੰ ਜਿਲ੍ਹਾ ਜਲੰਧਰ ਵਿੱਚ 12 ਤੋਂ 14 ਸਾਲ ਤੱਕ ਦੀ ਉਮਰ ਦੇ ਕੁਲ 220 ਬੱਚਿਆਂ ਨੂੰ ਕੋਰਬੀਵੈਕਸ ਵੈਕਸੀਨ ਦੀ ਪਹਿਲੀ ਡੋਜ਼ ਲਗਾਈ ਗਈ। ਇਸ ਦੌਰਾਨ ਸਿਵਲ ਸਰਜਨ ਵਲੋਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਜਿਸ ਬੱਚੇ ਦੀ ਉਮਰ 12 ਤੋਂ 14 ਸਾਲ ਦੇ ਦਰਮਿਆਨ ਹੈ, ਉਸਦਾ ਟੀਕਾਕਰਨ ਜਰੂਰ ਕਰਵਾਉਣ ਤਾਂ ਜੋ ਅਸੀ ਆਪਣੇ ਬੱਚਿਆਂ ਨੂੰ ਕੋਵਿਡ ਤੋਂ ਸੁਰੱਖਿਆ ਪ੍ਰਦਾਨ ਕਰ ਸਕੀਏ।



