
*ਸਿਹਤ ਵਿਭਾਗ ਜਲੰਧਰ ਵਲੋਂ ਮੈਟਰਨਲ ਡੈਥ ਰੀਵੀਉ ਕਮੇਟੀ ਦੀ ਮੀਟਿੰਗ*
ਜਲੰਧਰ *ਗਲੋਬਲ ਆਜਤੱਕ*(ਅਮਰਜੀਤ ਸਿੰਘ ਲਵਲਾ)
ਸਿਹਤ ਵਿਭਾਗ ਵੱਲੋਂ ਜਿਲ੍ਹੇ ਵਿੱਚ ਦਸੰਬਰ 2021, ਜਨਵਰੀ, ਫਰਵਰੀ ‘ਤੇ ਮਾਰਚ 2022 ਤੱਕ ਦੇ ਸਮੇਂ ਦੌਰਾਨ ਹੋਈਆਂ 8 ਮੈਟਰਨਲ ਡੈੱਥਸ ਦਾ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਦੀ ਪ੍ਰਧਾਨਗੀ ਵਿੱਚ ਆਯੋਜਿਤ ਹੋਈ ਮੀਟਿੰਗ ਦੌਰਾਨ ਦਫਤਰ ਸਿਵਲ ਸਰਜਨ ਜਲੰਧਰ ਵਿਖੇ ਰੀਵੀਉ ਕੀਤਾ ਗਿਆ। ਮੀਟਿੰਗ ਵਿੱਚ ਡਾ. ਰਮਨ ਕੁਮਾਰ ਗੁਪਤਾ ਜਿਲ੍ਹਾ ਪਰਿਵਾਰ ਭਲਾਈ ਅਫਸਰ, ਐਸਐਮਓ ਡਾ. ਏਐਸ ਦੁੱਗਲ, ਕੁਲਵਿੰਦਰ ਕੌਰ ਐਸਐਮਓ ਸਿਵਲ ਹਸਪਤਾਲ ਜਲੰਧਰ, ਡਾ. ਭੁਪਿੰਦਰ ਸਿੰਘ ਐਮਡੀ ਮੈਡੀਸਨ ਸਿਵਲ ਹਸਪਤਾਲ ਜਲੰਧਰ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਮੋਨਿਕਾ ਜਿਲ੍ਹਾ ਅੰਕੜਾ ਸਹਾਇਕ ਅਤੇ ਕੇਸਾਂ ਨਾਲ ਸਬੰਧਤ ਵੱਖ-ਵੱਖ ਹਸਪਤਾਲਾਂ ਦੇ ਨੁਮਾਇਂਦੇ ਅਤੇ ਸਬੰਧਤ ਸਟਾਫ ਹਾਜਰ ਸਨ।
ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਵੱਲੋਂ ਦਸੰਬਰ 2021 ਤੋਂ ਮਾਰਚ 2022 ਦੌਰਾਨ ਹੋਈਆਂ 8 ਮੈਟਰਨਲ ਡੈਥਾਂ ਦੇ ਕਾਰਨਾਂ ਬਾਰੇ ਜਾਣਕਾਰੀ ਲਈ ਗਈ ਅਤੇ ਭਵਿੱਖ ਵਿੱਚ ਉਨ੍ਹਾਂ ਕਾਰਨਾਂ ਨੂੰ ਦੂਰ ਕਰਨ ਦੇ ਲਈ ਜ਼ਰੂਰੀ ਉਪਰਾਲੇ ਕਰਨ ਦੀ ਹਦਾਇਤ ਕੀਤੀ ਗਈ। ਇਹ ਉਹ ਕੇਸ ਸਨ ਜਿਹਨਾਂ ਵਿੱਚ ਗਰਭਵਤੀ ਦੀ ਮੌਤ ਗਰਭ ਅਵਸਥਾ ਦੌਰਾਨ, ਜਣੇਪੇ ਦੌਰਾਨ ਜਾਂ ਜਣੇਪੇ ਦੇ 42 ਦਿਨਾਂ ਦੇ ਅੰਦਰ ਹੋਈ ਸੀ।
ਡਾ. ਰਣਜੀਤ ਸਿੰਘ ਘੋਤੜਾ ਨੇ ਕਿਹਾ ਕਿ ਹਰ ਗਰਭਵਤੀ ਔਰਤ ਦਾ ਐਂਟੀਨੇਟਲ ਚੈੱਕਅਪ 100 ਫੀਸਦੀ ਅਤੇ ਹੋਰ ਲੋੜੀਂਦੇ ਮੈਡੀਕਲ ਟੈਸਟ ਕਰਵਾਉਣੇ ਯਕੀਨੀ ਬਣਾਏ ਜਾਣ। ਜੇਕਰ ਕੋਈ ਗਰਭਵਤੀ ਹਾਈ ਰਿਸਕ ‘ਤੇ ਹੈ ਤਾਂ ਉਸ ਬਾਬਤ ਇੱਕ ਲਿਸਟ ਹਰੇਕ ਐਸਐਮਓ ਦੇ ਕੋਲ ਹੋਣੀ ਚਾਹੀਦੀ ਹੈ ਤਾਂ ਜੋ ਪਹਿਲਾਂ ਤੋਂ ਐਕਸ਼ਨ ਪਲਾਨ ਬਣਾਇਆ ਜਾਵੇ ਅਤੇ ਉਸ ਔਰਤ ਦਾ ਸੁਰੱਖਿਅਤ ਜਣੇਪਾ ਮੁਮਕਿਨ ਬਣਾਇਆ ਜਾ ਸਕੇ। ਸਿਵਲ ਸਰਜਨ ਵਲੋਂ ਹਦਾਇਤ ਕੀਤੀ ਗਈ ਕਿ ਜਣੇਪੇ ਉਪਰੰਤ ਸਿਜੇਰੀਅਨ ਕੇਸਾਂ ਨੂੰ ਪੰਜ ਤੋਂ ਸੱਤ ਦਿਨ ਤੱਕ ਹਸਪਤਾਲ ਵਿੱਚ ਰੱਖਿਆ ਜਾਵੇ, ਇਸ ਤੋਂ ਪਹਿਲਾਂ ਛੁੱਟੀ ਨਾ ਦਿੱਤੀ ਜਾਵੇ, ਨਾਰਮਲ ਡਿਲੀਵਰੀ ਕੇਸਾਂ ਨੂੰ ਤਿੰਨ ਦਿਨ ਤੱਕ ਹਸਪਤਾਲ ਵਿੱਚ ਰੱਖਿਆ ਜਾਵੇ ਅਤੇ ਔਰਤ ਨੂੰ ਹਸਪਤਾਲ ਤੋਂ ਛੁੱਟੀ ਦੇਣ ਤੋਂ ਪਹਿਲਾ ਲੈਬ ਟੈਸਟ ਜਾਂਚ ਕਰਵਾ ਲਈ ਜਾਵੇ।



