
*ਵਿਸ਼ੇਸ਼ ਤਹਿਤ 13 ਅਪ੍ਰੈਲ ਤੱਕ ਤੰਦਰੁਸਤ ਸਿਹਤ ਕੇਂਦਰਾ ਵਿਖੇ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਟੀਬੀ ਪ੍ਰਤੀ ਜਾਗਰੂਕ—ਸਿਵਲ ਸਰਜਨ*
ਜਲੰਧਰ *ਗਲੋਬਲ ਆਜਤੱਕ*(ਅਮਰਜੀਤ ਸਿੰਘ ਲਵਲਾ)
ਦੇਸ਼ ਨੂੰ 2025 ਤੱਕ ਟੀਬੀ ਮੁਕਤ ਕਰਨ ਦੇ ਮਕਸਦ ਤਹਿਤ ਸਿਹਤ ਵਿਭਾਗ ਜਲੰਧਰ ਵਲੋਂ ਲੋਕਾਂ ਨੂੰ ਟੀਬੀ ਰੋਗ ਸੰਬੰਧੀ ਵੱਖ-ਵੱਖ ਗਤੀਵਿਧੀਆਂ ਕਰਕੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾ. ਰਣਜੀਤ ਸਿੰਘ ਵਲੋਂ ਦੱਸਿਆ ਗਿਆ ਕਿ ਮਿਤੀ 24 ਮਾਰਚ ਤੋਂ 13 ਅਪ੍ਰੈਲ ਤੱਕ ਤੰਦਰੁਸਤ ਸਿਹਤ ਕੇਂਦਰਾਂ ਵਿਖੇ ਵਿਸ਼ੇਸ਼ ਟੀਬੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸਦੇ ਤਹਿਤ ਲੋਕਾਂ ਨੂੰ ਟੀਬੀ ਦੀ ਬਿਮਾਰੀ ਦੇ ਲੱਛਣ, ਪਰਹੇਜ ਅਤੇ ਇਲਾਜ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਮਕਸਦ ਤਹਿਤ ਸ਼ਨੀਵਾਰ ਨੂੰ ਸਿਹਤ ਵਿਭਾਗ ਜਲੰਧਰ ਅਤੇ ਜੀਤ 2.0 ਵਲੋਂ ਲਬੂ ਰਾਮ ਦੁਆਬਾ ਸਕੂਲ ਜਲੰਧਰ ਵਿਖੇ ਵਰਲਡ ਟੀਬੀ ਡੇਅ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਅਗਵਾਈ ਵਿਸ਼ੇਸ਼ ਤੌਰ ‘ਤੇ ਮੌਜੂਦ ਜਿਲ੍ਹਾ ਟੀਬੀ ਅਫਸਰ ਡਾ. ਰਘੂਪ੍ਰਿਯਾ ਅਤੇ ਫਾਇਨੈਂਸ਼ਿਅਤ ਸੈਕ੍ਰੇਟਰੀ ਆਈਐਮਏ ਪੰਜਾਬ ਡਾ. ਮਨੀਸ਼ ਸਿੰਘਾਲ ਵਲੋਂ ਸਾਂਝੇ ਤੌਰ ‘ਤੇ ਕੀਤੀ ਗਈ। ਇਸ ਦੌਰਾਨ *“ਟੀਬੀ ਹਾਰੇਗਾ ਦੇਸ਼ ਜਿੱਤੇਗਾ”* ਥੀਮ ਤਹਿਤ ਪੋਸਟਰ ਵੀ ਰੀਲੀਜ਼ ਕੀਤਾ ਗਿਆ।
ਜਿਲ੍ਹਾ ਟੀਬੀ ਅਫਸਰ ਡਾ. ਰਘੂਪ੍ਰਿਯਾ ਵਲੋਂ ਟੀਬੀ ਦੀ ਬਿਮਾਰੀ ਦੇ ਲੱਛਣ, ਪਰਹੇਜ ਅਤੇ ਇਲਾਜ ਸੰਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਟੀਬੀ ਦੇ ਮਰੀਜਾਂ ਦੀ ਖੁਰਾਕ ਦਾ ਖਾਸ ਧਿਆਨ ਰੱਖਦੇ ਹੋਏ ਸਿਹਤ ਵਿਭਾਗ ਵਲੋਂ ਟੀਬੀ ਦੇ ਮਰੀਜ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ ਤਾਂ ਜੋ ਇਲਾਜ ਦੌਰਾਨ ਮਰੀਜ ਪੋਸ਼ਟਿਕ ਖੁਰਾਕ ਲੈ ਸਕੇ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਟੀਬੀ ਤੋਂ ਠੀਕ ਹੋਏ ਲੋਕਾਂ ਨੂੰ ਟੀਬੀ ਚੈਂਪੀਅਨ ਬਣਾਇਆ ਗਿਆ ਹੈ ਜੋ ਕਿ ਟੀਬੀ ਦੇ ਮਰੀਜ ਨਾਲ ਸੰਪਰਕ ਸਾਧ ਕੇ ਉਨ੍ਹਾਂ ਨੂੰ ਬਿਮਾਰੀ ਤੋਂ ਉਭਰਨ, ਖੁਰਾਕ, ਨਿੱਜੀ ਸਾਫ-ਸਫਾਈ ਅਤੇ ਇਲਾਜ ਦੋਰਾਨ ਦਵਾਈ ਨਾ ਛੱਡਣ ਲਈ ਪ੍ਰੇਰਿਤ ਕਰ ਰਹੇ ਹਨ।
ਫਾਇਨੈਂਸ਼ਿਅਤ ਸੈਕ੍ਰੇਟਰੀ ਆਈਐਮਏ ਪੰਜਾਬ ਡਾ. ਮਨੀਸ਼ ਸਿੰਘਾਲ ਵਲੋਂ ਵੀ ਦੱਸਿਆ ਗਿਆ ਕਿ ਟੀਬੀ ਰੋਗ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ ਅਤੇ ਜੇਕਰ ਕਿਸੇ ਨੂੰ ਦੋ ਹਫਤਿਆਂ ਤੋਂ ਵੱਧ ਖਾਂਸੀ, ਸ਼ਾਮ ਵੇਲੇ ਹਲਕਾ ਬੁਖਾਰ, ਲਗਾਤਾਰ ਭਾਰ ਘੱਟਣਾ ਅਤੇ ਭੁਖ ਘੱਟ ਲੱਗਣਾ ਆਦਿ ਟੀਬੀ ਦੇ ਲੱਛਣ ਦਿਖਦੇ ਹਨ ਤਾਂ ਨਜਦੀਕੀ ਸਰਕਾਰੀ ਸਿਹਤ ਸੰਸਥਾ ਵਿੱਚ ਜਾ ਕੇ ਟੀਬੀ ਦੀ ਜਾਂਚ ਜਰੂਰ ਕਰਵਾਣੀ ਚਾਹੀਦੀ ਹੈ।



