
ਮਾਲਕ ਵੱਲੋਂ ਬਿਨਾਂ ਕਿਸੇ ਉਚਿਤ ਡਿਗਰੀ ਲਾਇਸੰਸ ਦੇ ਚਲਾਇਆ ਜਾ ਰਿਹਾ ਕਲੀਨਿਕ
ਜਲੰਧਰ (ਅਮਰਜੀਤ ਸਿੰਘ ਲਵਲਾ)
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਿਹਤ ਟੀਮ ਨੇ ਗੁਰੂ ਨਾਨਕ ਪੁਰਾ ਪੱਛਮੀ ਇਲਾਕੇ ਦੇ ਇਕ ਕਲੀਨਿਕ ਵਿਚ ਨਿਰੀਖਣ ਕੀਤਾ ਅਤੇ ਉਥੋਂ 4600 ਗੋਲੀਆਂ, ਕੈਪਸੂਲ, ‘ਤੇ 186 ਟੀਕੇ ਬਰਾਮਦ ਕੀਤੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੁਰੂ ਨਾਨਕ ਪੁਰਾ ਪੱਛਮੀ ਇਲਾਕੇ ਵਿੱਚ ਟਲੀਵਾਲੀਆ ਕਲੀਨਿਕ ਵਿੱਚ ਗੈਰ ਕਾਨੂੰਨੀ ਮੈਡੀਕਲ ਪ੍ਰੈਕਟਿਸ ਚੱਲਦੀ ਹੋਣ ਬਾਰੇ ਇਕ ਸ਼ਿਕਾਇਤ ਪ੍ਰਾਪਤ ਹੋਈ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਿਵਲ ਸਰਜਨ ਜਲੰਧਰ ਡਾ. ਬਲਵਿੰਦਰ ਸਿੰਘ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ, ਜਿਸ ਤੋਂ ਬਾਅਦ ਜ਼ਿਲ੍ਹਾ ਸਿਹਤ ਅਫ਼ਸਰ ਡਾ. ਅਰੁਣ ਵਰਮਾ ਅਤੇ ਡਰੱਗ ਕੰਟਰੋਲ ਅਫ਼ਸਰ ਡਾ. ਅਮਰਜੀਤ ਸਿੰਘ ਆਧਾਰਿਤ ਸਿਹਤ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ।
ਡਰੱਗ ਕੰਟਰੋਲ ਅਫ਼ਸਰ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਕਲੀਨਿਕ ਦਾ ਮਾਲਕ ਸੁਰਿੰਦਰ ਸਿੰਘ ਕਲੀਨਿਕ ਵਿੱਚ ਮੌਜੂਦ ਸੀ, ਜੋ ਐਲੋਪੈਥੀ ਪ੍ਰੈਕਟਿਸ ਕਰਨ ਲਈ ਕੋਈ ਉਚਿਤ ਡਾਕਟਰੀ ਡਿਗਰੀ ਪੇਸ਼ ਨਹੀਂ ਕਰ ਸਕਿਆ। ਇਸ ਤੋਂ ਇਲਾਵਾ ਐਲੋਪੈਥਿਕ ਦਵਾਈਆਂ ਨੂੰ ਸਟੋਰ ਕਰਨ ਜਾਂ ਵੇਚਣ ਸਬੰਧੀ ਵੀ ਕੋਈ ਲਾਇਸੈਂਸ ਪੇਸ਼ ਨਹੀਂ ਕੀਤਾ ਗਿਆ, ਜਿਸ ਕਾਰਨ ਇਹ ਦਵਾਈਆਂ ਜ਼ਬਤ ਕਰ ਲਈਆਂ ਗਈਆਂ। ਡਾ. ਸਿੰਘ ਨੇ ਇਹ ਵੀ ਦੱਸਿਆ ਕਿ ਕਲੀਨਿਕ ਵਿਚੋਂ 25 ਕਿਸਮ ਦੀਆਂ ਵੱਖ-ਵੱਖ ਦਵਾਈਆਂ ਜ਼ਬਤ ਕੀਤੀਆਂ ਗਈਆਂ ਹਨ। ਇਨ੍ਹਾਂ ਦਵਾਈਆਂ ਵਿੱਚ 3930 ਗੋਲੀਆਂ, 670 ਕੈਪਸੂਲ ਅਤੇ 186 ਟੀਕੇ ਸ਼ਾਮਲ ਹਨ, ਜਿਨ੍ਹਾਂ ਦੀ ਕੀਮਤ 30,000 ਰੁਪਏ ਬਣਦੀ ਹੈ ਅਤੇ ਸਟਾਕ ਦਾ ਕੋਈ ਰਿਕਾਰਡ ਮੌਜੂਦ ਨਹੀਂ ਸੀ।
ਡਰੱਗ ਕੰਟਰੋਲ ਅਫ਼ਸਰ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਡਰੱਗ ਅਤੇ ਕਾਸਮੈਟਿਕ ਐਕਟ ਤਹਿਤ ਨੋਟਿਸ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਲੀਨਿਕ ਦੇ ਮਾਲਕ ਤੋਂ ਜਵਾਬ ਪ੍ਰਾਪਤ ਕਰਨ ਤੋਂ ਬਾਅਦ ਅਦਾਲਤ ਵਿਚ ਕੇਸ ਦਾਇਰ ਕੀਤਾ ਜਾਵੇਗਾ।



