
ਥੋੜ੍ਹੀ ਜਿਹੀ ਸਾਵਧਾਨੀ ਵਰਤ ਕੇ ਡੇਂਗੂ ਦੇ ਖਤਰੇ ਤੋਂ ਬਚਿਆ ਜਾ ਸਕਦਾ—ਡਾ. ਆਦਿੱਤਯ ਪਾਲ
ਜਲੰਧਰ ਗਲੋਬਲ ਆਜਤੱਕ
ਬਰਸਾਤ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਘਰਾਂ ਦੇ ਆਸ-ਪਾਸ ਪਾਣੀ ਖੜਾ ਹੋ ਜਾਣ ਦੀ ਸਥਿਤੀ ਬਣ ਜਾਣਾ ਆਮ ਹੈ ਅਤੇ ਅਜਿਹੇ ਵਿੱਚ ਡੇਂਗੂ ਬੁਖਾਰ ਹੋਣ ਦਾ ਖਦਸ਼ਾ ਵੀ ਵੱਧ ਜਾਂਦਾ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਵੱਖ-ਵੱਖ ਖੇਤਰਾਂ ਦਾ ਦੌਰਾ ਕਰਕੇ ਡੇਂਗੂ ਦੇ ਪ੍ਰਸਾਰ ਨੂੰ ਰੋਕਣ ਅਤੇ ਲੋਕਾਂ ਨੂੰ ਡੇਂਗੂ ਬੁਖਾਰ ਦੇ ਲੱਛਣਾਂ ਅਤੇ ਇਸ ਤੋਂ ਬਚਾਓ ਪ੍ਰਤੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਹੀ ਸ਼ੁੱਕਰਵਾਰ ਨੂੰ ਸਿਵਲ ਸਰਜਨ ਡਾ. ਰਮਨ ਸ਼ਰਮਾ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਐਪੀਡਿਮੋਲੋਜਿਸਟ ਡਾ. ਅਦਿੱਤਆਪਾਲ ਦੀ ਅਗਵਾਈ ਵਿੱਚ ਐਂਟੀ ਲਾਰਵਾ ਟੀਮਾਂ ਵੱਲੋਂ ਅਰਜਨ ਨਗਰ, ਜਵਾਲਾ ਨਗਰ, ਅਮਨ ਐਵੇਨਿਉ ਨਗਰ, ਰਵਿੰਦਰ ਨਗਰ, ਥਾਣਾ ਡਿਵੀਜ਼ਨ ਨੰਬਰ-2, ਵਾਰਡ ਨੰ. 73 ਗੁਰੂ ਅਰਜਨ ਦੇਵ ਨਗਰ ਆਦਿ ਖੇਤਰਾਂ ਦਾ ਦੌਰਾ ਕਰਕੇ ਡੇਂਗੂ ਲਾਰਵਾ ਸਥਾਨਾਂ ਦੀ ਸ਼ਨਾਖਤ ਕੀਤੀ ਗਈ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਪ੍ਰਤੀ ਜਾਗਰੂਕ ਕੀਤਾ ਗਿਆ।
ਜਿਲ੍ਹਾ ਐਪੀਡਿਮੋਲੋਜਿਸਟ ਡਾ. ਅਦਿੱਤਆਪਾਲ ਵਲੋਂ ਡੇਂਗੂ ਤੋਂ ਬਚਾਓ ਪ੍ਰਤੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਡੇਂਗੂ ਬੁਖਾਰ ਮਾਦਾ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਹ ਮੱਛਰ ਸਾਫ ਖੜੇ ਪਾਣੀ ਦੇ ਸ੍ਰੋਤਾਂ ਛੱਤਾਂ ‘ਤੇ ਰੱਖੀਆਂ ਟੈਂਕੀਆਂ ਵਿੱਚ, ਕੂਲਰਾਂ ਵਿੱਚ, ਗਮਲਿਆਂ ਵਿੱਚ, ਹੈਂਡ ਪੰਪਾਂ ਦੇ ਨੇੜੇ, ਟੁੱਟੇ ਭੱਜੇ ਬਰਤਨਾਂ ਅਤੇ ਪੁਰਾਣੇ ਟਾਇਰਾਂ ਵਿੱਚ ਪੈਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਥੋੜ੍ਹੀ ਜਿਹੀ ਸਾਵਧਾਨੀ ਵਰਤ ਕਿ ਅਸੀਂ ਡੇਂਗੂ ਬੁਖਾਰ ਹੋਣ ਦੇ ਖਤਰੇ ਤੋਂ ਬਚ ਸਕਦੇ ਹਾਂ, ਉਨ੍ਹਾਂ ਦੱਸਿਆ ਕਿ ਕੂਲਰਾਂ ਵਿਚਲਾ ਪਾਣੀ ਹਫਤੇ ਵਿੱਚ ਇਕ ਵਾਰ ਜਰੂਰ ਬਦਲੋ, ਛੱਤਾਂ ਉੱਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣਾਂ ਨੂੰ ਚੰਗੀ ਤਰ੍ਹਾਂ ਬੰਦ ਕਰਕੇ ਰੱਖਿਆ ਜਾਵੇ ਅਤੇ ਫਾਲਤੂ ਸਾਮਾਨ ਅਤੇ ਟਾਇਰਾਂ ਆਦਿ ਵਿੱਚ ਪਾਣੀ ਜਮ੍ਹਾ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਮੱਛਰ ਦਿਨ ਵੇਲੇ ਕੱਟਦਾ ਹੈ ਇਸ ਲਈ ਸਾਨੂੰ ਸਰੀਰ ਨੂੰ ਪੂਰੀ ਤਰ੍ਹਾਂ ਢੱਕਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ, ਮੱਛਰ ਭਜਾਓ ਕਰੀਮਾਂ, ਮੱਛਰਦਾਨੀ ਦੀ ਵਰਤੋ ਕੀਤੀ ਜਾ ਸਕਦੀ ਹੈ।
________________________________________
ਤੰਦਰੁਸਤ ਸਿਹਤ ਕੇਂਦਰਾ ਵਿਖੇ ਡੇਂਗੂ ਤੋਂ ਬਚਾਅ ਹਿੱਤ ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਨੇ ਲੋਕਾਂ ਨੂੰ ਕੀਤਾ ਜਾਗਰੂਕ
ਆਈਈਸੀ, ਬੀਸੀਸੀ, ਗਤੀਵਿਧੀਆਂ ਤਹਿਤ ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਵੱਲੋਂ ਜਿਲ੍ਹੇ ਵਿੱਚ ਵੱਖ-ਵੱਖ ਸਿਹਤ ਸੰਸਥਾਵਾਂ ‘ਤੰਦਰੁਸਤ ਸਿਹਤ ਕੇਂਦਰ ਜੈਤੇਵਾਲੀ, ਤੰਦਰੁਸਤ ਸਿਹਤ ਕੇਂਦਰ ਹਜ਼ਾਰਾ, ਤੰਦਰੁਸਤ ਸਿਹਤ ਕੇਂਦਰ ਭੋਜੇਵਾਲ ਅਤੇ ਤੰਦਰੁਸਤ ਸਿਹਤ ਕੇਂਦਰ ਪਤਾਰਾ ਦਾ ਵਿਜ਼ਿਟ ਕੀਤਾ ਗਿਆ। ਇਸ ਦੌਰਾਨ ਡੇਂਗੂ ਰੋਕਥਾਮ ਦੇ ਮੱਦੇਨਜ਼ਰ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕਰਦੇ ਹੋਏ ਇਸ ਪ੍ਰਤੀ ਸੰਵੇਦਨਸ਼ੀਲ ਬਣਾਉਣ ਅਤੇ ਲੋਕਾਂ ਤੱਕ ਬਿਹਤਰ ਸਿਹਤ ਸੇਵਾਵਾਂ ਪਹੁੰਚਾਉਣ ਸੰਬੰਧੀ ਸਿਹਤ ਸੰਸਥਾਵਾਂ ਦੇ ਸਟਾਫ਼ ਨਾਲ ਵਿਚਾਰ ਚਰਚਾ ਕੀਤੀ ਗਈ।_________________________________________



