ActionHealthJalandharPunjab

ਸਿਹਤ ਵਿਭਾਗ ਦੀ ਟੀਮ ਨੇ ਕਰਤਾਰਪੁਰ, ਕਿਸ਼ਨਗੜ੍ਹ ਅਤੇ ਭੋਗਪੁਰ ’ਚ ਲਏ ਖਾਣ-ਪੀਣ ਵਾਲੇ ਪਦਾਰਥਾਂ ਦੇ 10 ਸੈਂਪਲ

*ਟੀਮ ਵਲੋਂ ਦੁਕਾਨਦਾਰਾਂ ਅਤੇ ਸਵੀਟ ਸ਼ਾਪ ਮਾਲਕਾਂ ਨੂੰ ਲੋੜੀਂਦੇ ਲਾਇਸੰਸ ਬਣਵਾਉਣ ਦੀ ਅਪੀਲ*
ਜਲੰਧਰ *ਗਲੋਬਲ ਆਜਤੱਕ*
ਪੰਜਾਬ ਦੇ ਸਿਹਤ ਮੰਤਰੀ ਵਿਜੇ ਸਿੰਗਲਾ ਵਲੋਂ ਲੋਕਾਂ ਨੂੰ ਸਾਫ਼-ਸੁਥਰੇ ਅਤੇ ਮਿਆਰੀ ਖਾਣ-ਪੀਣ ਵਾਲੇ ਪਦਾਰਥ ਮਾਰਕਿਟ ਵਿੱਚ ਯਕੀਨੀ ਬਣਾਉਣ ਦੇ ਮਕਸਦ ਨਾਲ ਰਾਜ ਭਰ ਵਿੱਚ ਸ਼ੁਰੂ ਕੀਤੀ ਸੈਂਪਲਿੰਗ ਮੁਹਿੰਮ ਤਹਿਤ ਅੱਜ ਹੁਸ਼ਿਆਰਪੁਰ ਦੇ ਜ਼ਿਲਾ ਸਿਹਤ ਅਫ਼ਸਰ ਡਾ.ਲਖਵੀਰ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਕਰਤਾਰਪੁਰ, ਕਿਸ਼ਨਗੜ੍ਹ ਅਤੇ ਭੋਗਪੁਰ ਵਿਖੇ ਚੈਕਿੰਗ ਕਰਦਿਆਂ 10 ਸੈਂਪਲ ਲਏ ਜੋ ਅਗਲੇਰੀ ਜਾਂਚ ਲਈ ਸਟੇਟ ਫੂਡ ਲੈਬ, ਖਰੜ ਭੇਜੇ ਜਾ ਰਹੇ ਹਨ।

ਕਰਤਾਰਪੁਰ ਵਿੱਚ ਇਕ ਡੇਅਰੀ ਤੋਂ ਦੇਸੀ ਘਿਊ ਅਤੇ ਦੁੱਧ ਦਾ ਸੈਂਪਲ ਲੈਣ ਉਪਰੰਤ ਟੀਮ ਵਲੋਂ ਇਕ ਕਰਿਆਣੇ ਦੀ ਦੁਕਾਨ ਤੋਂ ਮੂੰਗ ਦਾਲ ਅਤੇ ਸੋਇਆਬੀਨ ਰਿਫਾਇੰਡ ਦਾ ਸੈਂਪਲ ਲਿਆ ਗਿਆ। ਇਸੇ ਤਰ੍ਹਾਂ ਕਿਸ਼ਨਗੜ੍ਹ ਵਿੱਚ ਟੀਮ ਵਲੋਂ ਮਟਰੀ, ਬਰਫੀ ਅਤੇ ਖੋਇਆ ਪੇੜਾ ਦਾ ਸੈਂਪਲ ਲਿਆ ਗਿਆ। ਸਿਹਤ ਵਿਭਾਗ ਦੀ ਟੀਮ ਵਲੋਂ ਭੋਗਪੁਰ ਵਿਖੇ ਇਕ ਸਵੀਟ ਸ਼ਾਪ ਤੋਂ ਪਨੀਰ, ਮਿਲਕ ਕੇਕ ਅਤੇ ਖੋਏ ਦਾ ਸੈਂਪਲ ਲਿਆ ਗਿਆ।
ਟੀਮ ਦੀ ਅਗਵਾਈ ਕਰ ਰਹੇ ਡਾ.ਲਖਵੀਰ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਜਿਵੇਂ ਕਿ ਦੇਸੀ ਘਿਊ, ਪਨੀਰ ਆਦਿ ਅਤੇ ਰੋਜ਼ਾਨਾ ਖਾਣ-ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਲਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਸ਼ੁੱਧ ਤੇ ਮਿਆਰੀ ਪਦਾਰਥ ਉਪਲਬੱਧ ਕਰਵਾਏ ਜਾ ਸਕਣ। ਉਨ੍ਹਾਂ ਨੇ ਇਨ੍ਹਾਂ ਵਸਤੂਆਂ ਦੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਜਨਤਕ ਹਿੱਤਾਂ ਦੇ ਮੱਦੇਨਜ਼ਰ ਉਹ ਸਾਫ਼-ਸੁਥਰੇ ਅਤੇ ਸਿਹਤਮੰਦ ਪਦਾਰਥਾਂ ਦੀ ਵਿਕਰੀ ਹੀ ਯਕੀਨੀ ਬਣਾਉਣ ਅਤੇ ਲੋਕਾਂ ਨੂੰ ਵੀ ਪੂਰੀ ਜਾਗਰੂਕਤਾ ਨਾਲ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਖ਼ਰੀਦ ਕਰਨ ਦੀ ਤਾਕੀਦ ਕੀਤੀ।
ਜ਼ਿਲ੍ਹਾ ਸਿਹਤ ਅਫ਼ਸਰ, ਹੁਸ਼ਿਆਰਪੁਰ ਨੇ ਦੁਕਾਨਦਾਰਾਂ ਅਤੇ ਸਵੀਟ ਸ਼ਾਪਾਂ ਦੇ ਮਾਲਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਦਾ ਢੁਕਵਾਂ ਅਤੇ ਲੋੜੀਂਦਾ ਲਾਇਸੰਸ ਵੀ ਬਣਾਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਵੀ ਜ਼ਿਲ੍ਹੇ ਅੰਦਰ ਸਵੇਰ-ਸ਼ਾਮ ਅਚਨਚੇਤ ਚੈਕਿੰਗ ਕੀਤੀ ਜਾਵੇਗੀ ਅਤੇ ਇਨ੍ਹਾਂ ਖਾਣ-ਪੀਣ ਵਾਲੇ ਪਦਾਰਥਾਂ ਦੇ ਸੈਂਪਲ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਸੈਂਪਲ ਸਟੇਟ ਫੂਡ ਲੈਬ, ਖਰੜ ਵਿਖੇ ਭੇਜੇ ਜਾ ਰਹੇ ਹਨ ਜਿਥੇ ਉਨ੍ਹਾਂ ਦੀ ਲੋੜੀਂਦੀ ਜਾਂਚ ਉਪਰੰਤ ਆਉਣ ਵਾਲੀ ਰਿਪੋਰਟ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਮੌਕੇ ਉਨ੍ਹਾਂ ਨਾਲ ਫੂਡ ਸੇਫ਼ਟੀ ਅਫ਼ਸਰ ਰਮਨ ਵਿਰਦੀ, ਫੂਡ ਸੇਫ਼ਟੀ ਅਫ਼ਸਰ ਲੁਧਿਆਣਾ ਰਾਸ਼ੂ ਮਹਾਜਨ ਆਦਿ ਵੀ ਮੌਜੂਦ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!