
19 ਤੋਂ 21 ਜੂਨ ਤੱਕ ਚੱਲੇਗਾ ਮਾਈਗੇ੍ਟਰੀ ਪਲਸ ਪੋਲੀਓ ਰਾਊਂਡ—ਸਿਵਲ ਸਰਜਨ ਡਾ.ਰਮਨ ਸ਼ਰਮਾ
ਜਲੰਧਰ ਗਲੋਬਲ ਆਜਤੱਕ
ਸਿਹਤ ਵਿਭਾਗ ਜਲੰਧਰ ਵਲੋਂ 19 ਜੂਨ 2022 ਤੋਂ ਸ਼ੁਰੂ ਹੋਣ ਜਾ ਰਹੇ 3 ਦਿਨਾਂ ਮਾਈਗੇ੍ਟਰੀ ਪਲਸ ਪੋਲੀਓ ਰਾਊਂਡ 19-20 ਅਤੇ 21 ਜੂਨ 2022 ਸਬੰਧੀ ਜਨ-ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ “ਰਿਕਸ਼ਾ ਮਾਈਕਿੰਗ ਰੈਲੀ” ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਜਲੰਧਰ ਡਾ.ਰਮਨ ਸ਼ਰਮਾ ਵਲੋਂ ਪਲਸ ਪੋਲੀਓ ਰਾਊਂਡ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਿਹਤ ਸਟਾਫ਼ ਨੂੰ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ ਉਨ੍ਹਾਂ ਦਾ ਮਨੋਬਲ ਵਧਾਇਆ ਗਿਆ ਅਤੇ “ਰਿਕਸ਼ਾ ਮਾਈਕਿੰਗ ਰੈਲੀ” ਨੂੰ ਆਸ਼ਾ ਵਰਕਰਜ਼ ਤੋਂ ਹਰੀ ਝੰਡੀ ਦਵਾ ਕੇ ਜਨ-ਜਾਗਰੂਕਤਾ ਹਿੱਤ ਰਵਾਨਾ ਕੀਤਾ ਗਿਆ। ਸਿਵਲ ਸਰਜਨ ਵਲੋਂ ਰਿਕਸ਼ਾ ਰੈਲੀ ਨੂੰ ਰਵਾਨਾ ਕਰਨ ਦੀ ਸੌਂਪੀ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਹੋਇਆਂ ਆਸ਼ਾ ਵਰਕਰ ਨੀਤੂ ਵਲੋਂ ਇਸ “ਰਿਕਸ਼ਾ ਮਾਈਕਿੰਗ ਰੈਲੀ” ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ.ਵਰਿੰਦਰ ਕੌਰ ਥਿੰਦ, ਜਿਲ੍ਹਾ ਟੀਕਾਕਰਨ ਅਫਸਰ ਡਾ.ਰਾਕੇਸ਼ ਕੁਮਾਰ ਚੌਪੜਾ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਰਮਨ ਗੁਪਤਾ, ਜਿਲ੍ਹਾ ਸਿਹਤ ਅਫਸਰ ਡਾ.ਨਰੇਸ਼ ਬਾਠਲਾ, ਸਹਾਇਕ ਸਿਹਤ ਅਫਸਰ ਡਾ.ਟੀਪੀ.ਸਿੰਘ, ਜਿਲ੍ਹਾ ਡੈਂਟਲ ਅਫਸਰ ਡਾ. ਬਲਜੀਤ ਕੌਰ ਰੂਬੀ, ਡਿਪਟੀ ਐਮਈਆਈਓ ਪਰਮਜੀਤ ਕੌਰ, ਡਿਪਟੀ ਐਮਈਆਈਓ ਤਰਸੇਮ ਲਾਲ, ਆਸ਼ਾ ਵਰਕਰਜ਼ ਸੰਤੋਸ਼, ਰਜਨੀ, ਰੀਤੂ, ਮਧੂ ਅਤੇ ਅੰਜੂ ਬਾਲਾ ਅਤੇ ਹੋਰ ਸਿਹਤ ਸਟਾਫ਼ ਮੌਜੂਦ ਸਨ।
ਇਸ ਮੌਕੇ ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਕਿ ਜਿਲ੍ਹੇ ਵਿੱਚ ਸਬ ਨੈਸ਼ਨਲ ਇਮਉਨਾਈਜੇਸ਼ਨ ਪੋਲੀਓ ਰਾਉਂਡ 19, 20 ਅਤੇ 21 ਜੂਨ ਨੂੰ ਹੋ ਰਿਹਾ ਹੈ। ਇਸਦੇ ਲਈ ਸਿਹਤ ਵਿਭਾਗ ਜਲੰਧਰ ਵੱਲੋਂ ਜਿਲ੍ਹੇ ਵਿੱਚ ਕੁੱਲ 1026 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 918 ਹਾਊਸ-ਟੂ-ਹਾਊਸ ਟੀਮਾਂ, 103 ਮੌਬਾਈਲ ਟੀਮਾਂ ਅਤੇ 5 ਟ੍ਰਾਂਜਿਟ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਇਨ੍ਹਾਂ ਟੀਮਾਂ ਵੱਲੋਂ ਜਿਲ੍ਹੇ ਭਰ ਵਿੱਚ ਪੇਂਡੂ ਅਤੇ ਸ਼ਹਿਰੀ ਖੇਤਰ ਦੇ 3 ਲੱਖ 30 ਹਜਾਰ 435 ਘਰਾਂ ਨੂੰ ਕਵਰ ਕਰਦੇ ਹੋਏ 0 ਤੋਂ 5 ਸਾਲ ਤੱਕ ਦੀ ਉਮਰ ਦੇ 1 ਲੱਖ 20 ਹਜਾਰ 329 ਬੱਚਿਆਂ ਨੂੰ ਘਰ-ਘਰ ਜਾ ਕੇ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਦੌਰਾਨ ਪੋਲੀਓ ਟੀਮਾਂ ਵੱਲੋਂ ਜਿਲ੍ਹੇ ਵਿੱਚ ਸ਼ਹਿਰੀ ਅਤੇ ਪੇਂਡੂ ਖੇਤਰ ਦੇ 791 ਹਾਈ ਰਿਸਕ ਖੇਤਰ ਵੀ ਕਵਰ ਕੀਤੇ ਜਾਣਗੇ। ਇਸ ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਿਹਤ ਵਿਭਾਗ ਵੱਲੋਂ ਜਿਲ੍ਹੇ ਭਰ ਵਿੱਚ 106 ਸੁਪਰਵਾਈਜ਼ਰ ਵੀ ਤੈਨਾਤ ਕੀਤੇ ਗਏ ਹਨ। ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਕਰਦੇ ਹੋਏ ਆਪਣੇ 0 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾ ਕੇ ਉਨ੍ਹਾਂ ਨੂੰ ਪੋਲੀਓ ਤੋਂ ਸੁਰੱਖਿਅਤ ਕਰੋ।



