
ਸਿੱਧੂ ਨੂੰ ਚੋਣ ਕਮੇਟੀ ਦਾ ਚੇਅਰਮੈਨ ਬਣਾ ਕੇ ਕਾਂਗਰਸ ਨੇ ਦਲਿਤ ਸਮਾਜ ਨਾਲ ਕੀਤਾ ਧੋਖਾ
ਜਲੰਧਰ (ਅਮਰਜੀਤ ਸਿੰਘ ਲਵਲਾ)
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਰਾਜੇਸ਼ ਬਾਗਾ ਨੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਵਲੋਂ ਪੰਜਾਬ ਵਿਚ ਚੋਣ ਕਮੇਟੀ ਦਾ ਚੇਅਰਮੈਨ ਬਣਾਏ ਜਾਣ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਪੰਜਾਬ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਨ ਅਤੇ ਕਮੇਟੀ ਦਾ ਚੇਅਰਮੈਨ ਵੀ ਚੰਨੀ ਨੂੰ ਬਣਾਇਆ ਜਾਣਾ ਚਾਹਿਦਾ ਸੀ, ਜਦਕਿ ਕਾਂਗਰਸ ਹਾਈਕਮਾਂਡ ਨੇ ਨਵਜੋਤ ਸਿੱਧੂ ਨੂੰ ਚੇਅਰਮੈਨ ਬਣਾ ਕੇ ਦਲਿਤ ਭਾਈਚਾਰੇ ਦਾ ਘੋਰ ਅਪਮਾਨ ਕੀਤਾ ਹੈ ਅਤੇ ਉਹਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੀ ਚੇਅਰਮੈਨ ਵਜੋਂ ਨਿਯੁਕਤੀ ਨਾਲ ਇੱਕ ਵਾਰ ਫਿਰ ਕਾਂਗਰਸ ਦਾ ਦਲਿਤ ਵਿਰੋਧੀ ਦੋਹਰਾ ਚਿਹਰਾ ਅਤੇ ਦਲਿਤਾਂ ਪ੍ਰਤੀ ਘਟੀਆ ਮਾਨਸਿਕਤਾ ਸਭ ਦੇ ਸਾਹਮਣੇ ਆ ਗਈ ਹੈ।
ਰਾਜੇਸ਼ ਬਾਗਾ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਦੇ ਦੋਗਲੇ ਕਿਰਦਾਰ ਅਤੇ ਭ੍ਰਿਸ਼ਟਾਚਾਰ ਤੋਂ ਭਲੀ-ਭਾਂਤ ਜਾਣੂ ਹਨ ਅਤੇ ਪਹਿਲਾਂ ਹੀ ਕਾਂਗਰਸ ਨੂੰ ਵੋਟਾਂ ਪਾ ਕੇ ਖੂਨ ਦੇ ਹੰਝੂ ਰੋ ਰਹੇ ਹਨ, ਇਸ ਲਈ ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਸੂਬੇ ਦੇ ਲੋਕ ਇਸ ਭ੍ਰਿਸ਼ਟ ਕਾਂਗਰਸ ਸਰਕਾਰ ਨੂੰ ਸੱਤਾ ਤੋਂ ਚੱਲਦਾ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਜੋ ਇਸ ਵੇਲੇ ਆਪਣੀ ਹੀ ਪਾਰਟੀ ਦੇ ਦਲਿਤ ਮੁੱਖ ਮੰਤਰੀ ਚੰਨੀ ਨੂੰ ਧੋਖਾ ਦੇ ਰਹੀ ਹੈ, ਉਹ ਲੋਕਾਂ ਨਾਲ ਕੁਝ ਵੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸੂਬੇ ਵਿੱਚ ਦਲਿਤ ਨੂੰ ਮੁੱਖ ਮੰਤਰੀ ਬਣਾ ਕੇ ਵੋਟਾਂ ਬਟੋਰਨ ਦੀ ਸਿਆਸੀ ਚਾਲ ਖੇਡੀ ਹੈ, ਪਰ ਦਲਿਤਾਂ ਲਈ ਕੁਝ ਨਹੀਂ ਕੀਤਾ। ਕਾਂਗਰਸ ਚਾਹੁੰਦੀ ਹੈ ਕਿ ਆਪਣੀ ਸਰਕਾਰ ਬਣਾਉਣ ਲਈ ਦਲਿਤਾਂ ਦੇ ਵੋਟ ਬੈਂਕ ਨੂੰ ਯਕੀਨੀ ਬਣਾਇਆ ਜਾਵੇ।
ਰਾਜੇਸ਼ ਬਾਗਾ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਚੋਣਾਂ ਦੌਰਾਨ ਕਾਂਗਰਸ ਨੇ ਇੱਕ ਦਲਿਤ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਕੁਝ ਸਮੇਂ ਲਈ ਮੁੱਖ ਮੰਤਰੀ ਬਣਾਇਆ ਸੀ ਅਤੇ ਬਾਅਦ ਵਿੱਚ ਸਰਕਾਰ ਬਣਨ ’ਤੇ ਉਨ੍ਹਾਂ ਨੂੰ ਪਾਸੇ ਕਰ ਦਿੱਤਾ। ਕਾਂਗਰਸ ਦੀ ਹਮੇਸ਼ਾ ਇਹ ਨੀਤੀ ਰਹੀ ਹੈ ਕਿ ਦਲਿਤ ਸਮਾਜ ਨੂੰ ਵੋਟ ਬੈਂਕ ਵਜੋਂ ਵਰਤ ਕੇ ਸਰਕਾਰ ਬਣਾਉਣ ਤੋਂ ਬਾਅਦ ਉਨ੍ਹਾਂ ਨੂੰ ਹਾਸ਼ੀਏ ‘ਤੇ ਸੁੱਟ ਦਿਓ, ਜਿਸ ਨੂੰ ਦਲਿਤ ਸਮਾਜ ਇਸ ਵਾਰ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਦੀ ਭ੍ਰਿਸ਼ਟਾਚਾਰ ਅਤੇ ਦੋਗਲੀ ਰਾਜਨੀਤੀ ਤੋਂ ਬੁਰੀ ਤਰ੍ਹਾਂ ਦੁਖੀ ਹਨ ਅਤੇ ਪੰਜਾਬ ਦੀ ਸੱਤਾ ਬਦਲਣ ਲਈ ਦ੍ਰਿੜ ਨਿਸ਼ਚੇ ਕਰ ਚੁੱਕੇ ਹਨ ਅਤੇ ਭਾਜਪਾ ਨੂੰ ਬਦਲਾਅ ਵਜੋਂ ਦੇਖ ਰਹੇ ਹਨ। ਕਿਉਂਕਿ ਜਨਤਾ ਜਾਣਦੀ ਹੈ ਕਿ ਭਾਜਪਾ ਜਨਤਾ ਨਾਲ ਜੋ ਵਾਅਦੇ ਕਰੇਗੀ, ਉਹ ਜ਼ਰੂਰ ਪੂਰੇ ਕੀਤੇ ਜਾਣਗੇ। ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਦੀ ਭਾਜਪਾ ਸਰਕਾਰ ਨੇ ਦੇਸ਼ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ, ਇਸ ਲਈ ਲੋਕਾਂ ਨੇ ਸੂਬੇ ਦੇ ਅਤੇ ਆਪਨੇ ਵਿਕਾਸ ਲਈ ਪੰਜਾਬ ਵਿੱਚ ਡਬਲ ਇੰਜਣ ਵਾਲੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ।



