
*ਚਾਹਵਾਨ ਉਮੀਦਵਾਰ https://rebrand.ly/pjby2 ‘ਤੇ ਕਰ ਸਕਦੇ ਨੇ ਅਪਲਾਈ*
ਜਲੰਧਰ *ਗਲੋਬਲ ਆਜਤੱਕ*(ਅਮਰਜੀਤ ਸਿੰਘ ਲਵਲਾ)
ਹੁਨਰ ਸਿਖਲਾਈ ਪ੍ਰਦਾਨ ਕਰਕੇ ਔਰਤਾਂ ਨੂੰ ਸਸ਼ਕਤ ਬਣਾਉਣ ਦੇ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ ਪੰਜਾਬ ਹੁਨਰ ਵਿਕਾਸ ਮਿਸ਼ਨ, ਚੰਡੀਗੜ੍ਹ ਵੱਲੋਂ ਮਾਈਕਰੋਸਾਫਟ ਕਾਰਪੋਰੇਸ਼ਨ (ਇੰਡੀਆ) ਪ੍ਰਾਈਵੇਟ ਲਿਮਿਟਡ ਨਾਲ ਸਮਝੌਤਾ ਕੀਤਾ ਗਿਆ ਹੈ, ਜਿਸ ਦਾ ਮੁੱਖ ਟੀਚਾ ਔਰਤਾਂ ਨੂੰ ਹੁਨਰ ਸਿਖਲਾਈ ਪ੍ਰਦਾਨ ਕਰਕੇ ਆਤਮ ਨਿਰਭਰ ਬਣਾਉਣਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਮਝੌਤੇ ਤਹਿਤ ਸੂਬੇ ਭਰ ਵਿੱਚ 10,000 ਔਰਤਾਂ, ਲੜਕੀਆਂ ਅਤੇ ਪੀਡਬਲਊਡੀ ਉਮੀਦਵਾਰਾਂ ਨੂੰ ਸੀਐਸਆਰ ਪ੍ਰੋਗਰਾਮ ਤਹਿਤ 70 ਘੰਟੇ ਦੀ ਸਿਖਲਾਈ ਦਿੱਤੀ ਜਾਵੇਗੀ ।
ਇਸ ਹੁਨਰ ਸਿਖਲਾਈ ਦੀਆਂ ਵਿਸ਼ੇਸ਼ਤਾਵਾਂ ‘ਤੇ ਚਾਨਣਾ ਪਾਉਂਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਿਖਲਾਈ ਵਿਸ਼ੇਸ਼ ਤੌਰ ‘ਤੇ ਔਰਤਾਂ, ਲੜਕੀਆਂ ਅਤੇ ਪੀਡਬਲਊਡੀ (ਦਿਵਿਆਂਗ) ਉਮੀਦਵਾਰਾਂ ਲਈ ਹੈ। ਉਨ੍ਹਾਂ ਦੱਸਿਆ ਕਿ ਇਸ 70 ਘੰਟੇ ਦੀ ਸਿਖਲਾਈ ਨੂੰ 4 ਵਿਸ਼ੇਸ਼ ਖੇਤਰਾਂ (ਡਿਜੀਟਲ ਹੁਨਰ, ਸੰਚਾਰ ਹੁਨਰ, ਰੋਜ਼ਗਾਰ ਯੋਗਤਾ, ਉੱਦਮ ਵਿਕਾਸ) ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸਿਖਲਾਈ ਲੈਣ ਦੇ ਚਾਹਵਾਨ ਉਮੀਦਵਾਰ ਦੀ ਉਮਰ ਸੀਮਾ 18-30 ਸਾਲ ਹੋਣੀ ਚਾਹੀਦੀ ਹੈ ਅਤੇ ਉਮੀਦਵਾਰ ਘੱਟੋ-ਘੱਟ 8ਵੀਂ ਪਾਸ ਹੋਣਾ ਚਾਹੀਦਾ ਹੈ। ਮਾਈਕਰੋਸਾਫਟ ਅਤੇ ਲਿੰਕਡਿਨ (LinkedIn) ਦੇ ਕਰਮਚਾਰੀਆਂ ਵੱਲੋਂ ਕਰੀਅਰ ਗਾਈਡੈਂਸ ਸਬੰਧੀ ਸਵੈ ਸਿਖਲਾਈ ਸਬੰਧੀ ਸੈਸ਼ਨ ਵੀ ਹੋਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਖਲਾਈ ਲੈਣ ਦੇ ਚਾਹਵਾਨ ਉਮੀਦਵਾਰ (ਔਰਤਾਂ, ਲੜਕੀਆਂ ਅਤੇ ਪੀਡਬਲਯੂਡੀ) https://rebrand.ly/pjby2 ‘ਤੇ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਮੈਨੇਜਰ ਸੂਰਜ ਕਲੇਰ ਨਾਲ 98786-60673 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।



