JalandharPlacementPunjab

ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿੱਚ ਲਗਾਏ ਰੋਜ਼ਗਾਰ ਮੇਲੇ ਵਿੱਚ 4415 ਨੌਜਵਾਨ ਰੋਜ਼ਗਾਰ ਲਈ ਚੁਣੇ ਗਏ

52 ਕੰਪਨੀਆਂ 'ਤੇ 4859 ਉਮੀਦਵਾਰਾਂ ਨੇ ਕੀਤੀ ਰੋਜ਼ਗਾਰ ਮੇਲੇ ਵਿੱਚ ਕੀਤੀ ਸ਼ਿਰਕਤ

ਇੱਕ ਮਹੀਨੇ ਵਿੱਚ ਪਲੇਸਮੈਂਟ ਕੈਂਪਾਂ ਦੌਰਾਨ 16000 ਤੋਂ ਵੱਧ ਨੌਕਰੀਆਂ ਦਿੱਤੀਆਂ
ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਰੋਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਕੀਤੀ ਅਪੀਲ
ਜਲੰਧਰ (ਅਮਰਜੀਤ ਸਿੰਘ ਲਵਲਾ)
ਪੰਜਾਬ ਸਰਕਾਰ ਦੇ ‘ਘਰ-ਘਰ ਰੋਜ਼ਗਾਰ ਤੇ ਕਾਰੋਬਾਰ’ ਮਿਸ਼ਨ ਤਹਿਤ ਜ਼ਿਲ੍ਹਾ ਪ੍ਰਸ਼ਾਸਨ, ਜਲੰਧਰ ਵੱਲੋਂ 7ਵੇਂ ਮੈਗਾ ਰੋਜ਼ਗਾਰ ਮੇਲੇ ਅਧੀਨ ਸੋਮਵਾਰ ਨੂੰ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਸ਼ਾਹਪੁਰ ਕੈਂਪਸ, ਜਲੰਧਰ ਵਿਖੇ ਤੀਜਾ ਰੋਜ਼ਗਾਰ ਮੇਲਾ ਲਗਾਇਆ ਗਿਆ, ਜਿਸ ਦੌਰਾਨ 4415 ਬੇਰੋਜ਼ਗਾਰ ਨੌਜਵਾਨਾਂ ਦੀ ਮੌਕੇ ‘ਤੇ ਰੋਜ਼ਗਾਰ ਲਈ ਚੋਣ ਕੀਤੀ ਗਈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਕੈਂਪ ਵਿੱਚ 4859 ਬੇਰੋਜ਼ਗਾਰ ਨੌਜਵਾਨਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 4415 ਉਮੀਦਵਾਰਾਂ ਦੀ ਵੱਖ-ਵੱਖ ਕੰਪਨੀਆਂ ਵੱਲੋਂ ਰੋਜ਼ਗਾਰ ਲਈ ਚੋਣ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਇੱਕ ਮਹੀਨੇ ਵਿੱਚ ਪਲੇਸਮੈਂਟ ਕੈਂਪਾਂ ਦੌਰਾਨ ਬੇਰੋਜ਼ਗਾਰ ਨੌਜਵਾਨਾਂ ਨੂੰ 16000 ਤੋਂ ਵੱਧ ਨੌਕਰੀਆਂ ਦੇ ਮੌਕੇ ਪ੍ਰਦਾਨ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਸ਼ਿਵਾਨਗੀ ਲੋਜੀਸਟਿਕ, ਹੈਲਥ ਹਰਬਲ, ਆਈਸੀਆਈਸੀਆਈ ਪਰੂਡੈਂਸ਼ੀਅਲ, ਵੈਸਟੀਜ, ਹਰਬਲਈਫ ਨਿਊਟਰਿਸ਼ਨ, ਪ੍ਰੀਮੇਰਿਕਾ ਲਾਈਫ ਇਸ਼ੰਰੈਂਸ ਪਲੇਸਮੈਡਸ, ਨਾਰਾਇਣੀ ਹਰਬਲ, ਐਨਆਈਆਈਟੀ, ਪੁਖਰਾਜ ਹੈਲਥ ਕੇਅਰ, ਐਕਸਿਸ ਬੈਂਕ ਅਤੇ ਆਈਸੀਆਈਸੀਆਈ ਬੈਂਕ ਸਮੇਤ ਕੁੱਲ 52 ਕੰਪਨੀਆਂ ਨੇ ਰੋਜ਼ਗਾਰ ਮੇਲਿਆਂ ‘ਚ ਸ਼ਿਰਕਤ ਕੀਤੀ।
ਉਨ੍ਹਾਂ ਕਿਹਾ ਕਿ ਇਹ ਰੋਜ਼ਗਾਰ ਮੇਲੇ ਨੌਜਵਾਨਾਂ ਦੀ ਤਕਦੀਰ ਬਦਲਣ ਵਿੱਚ ਸਹਾਇਕ ਸਿੱਧ ਹੋ ਰਹੇ ਹਨ, ਅਤੇ ਇਨ੍ਹਾਂ ਮੇਲਿਆਂ ਰਾਹੀਂ ਰੋਜ਼ਗਾਰ ਹਾਸਲ ਕਰਨ ਵਾਲੇ ਨੌਜਵਾਨ ਰਾਜ ਦੇ ਆਰਥਿਕ-ਸਮਾਜਿਕ ਵਿਕਾਸ ਵਿੱਚ ਸਰਗਰਮ ਭਾਗੀਦਾਰ ਬਣਨਗੇ।
ਉਨ੍ਹਾਂ ਦੱਸਿਆ ਕਿ ਰੋਜ਼ਗਾਰ ਮੇਲਿਆਂ ਦੌਰਾਨ ਕੋਵਿਡ ਪ੍ਰੋਟੋਕੋਲਜ਼ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ, ਜਿਸ ਤਹਿਤ ਸਮਾਜਿਕ ਦੂਰੀ, ਮਾਸਕ ਪਹਿਨਣਾ ਅਤੇ ਹੱਥ ਧੋਣ ਵਰਗੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।
ਘਨਸ਼ਿਆਮ ਥੋਰੀ ਨੇ ਅੱਗੇ ਦੱਸਿਆ ਕਿ ਅਜਿਹੇ ਰੋਜ਼ਗਾਰ ਮੇਲੇ 15 ਸਤੰਬਰ ਨੂੰ ਜਨਤਾ ਕਾਲਜ ਕਰਤਾਰਪੁਰ ਅਤੇ 17 ਸਤੰਬਰ ਨੂੰ ਬੀਡੀਪੀਓ ਦਫ਼ਤਰ ਭੋਗਪੁਰ ਵਿਖੇ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਨਾਮੀ ਕੰਪਨੀਆਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਸ਼ਿਰਕਤ ਕਰਨਗੀਆਂ।
ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਰੋਜ਼ਗਾਰ ਦੀ ਭਾਲ ਕਰਨ ਵਾਲਿਆਂ ਅਤੇ ਰੋਜ਼ਗਾਰਦਾਤਾਵਾਂ ਵਿੱਚ ਕੜੀ ਵਜੋਂ ਕੰਮ ਕਰਦੇ ਹਨ, ਜਿਸ ਰਾਹੀਂ ਜਿਥੇ ਨੌਜਵਾਨਾਂ ਨੂੰ ਆਪਣੀ ਯੋਗਤਾ ਤੇ ਪਸੰਦ ਅਨੁਸਾਰ ਰੋਜ਼ਗਾਰ ਪ੍ਰਾਪਤ ਕਰਨ ਦਾ ਮੌਕਾ ਮਿਲਦਾ ਹੈ ਉਥੇ ਕੰਪਨੀਆਂ ਵੀ ਆਪਣੀ ਲੋੜ ਅਨੁਸਾਰ ਕਿਰਤ ਸ਼ਕਤੀ ਦੀ ਚੋਣ ਕਰ ਸਕਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਇਨ੍ਹਾਂ ਰੋਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਵਧੇਰੇ ਨੌਕਰੀਆਂ ਲਈ ਨੌਜਵਾਨ ਵਿਭਾਗ ਦੀ ਵੈਬਸਾਈਟ www.pgrkam.com ‘ਤੇ ਰਜਿਸਟਰ ਕਰ ਸਕਦੇ ਹਨ ਅਤੇ ਹੋਰ ਜਾਣਕਾਰੀ ਲਈ ਦਫ਼ਤਰ ਦੇ ਹੈਲਪ ਲਾਈਨ ਨੰਬਰ 90569-20100 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!