
*ਆਧੁਨਿਕ ਮਸ਼ੀਨਾਂ ਨਾਲ ਲੈਸ ਹੈ ਮੋਬਾਈਲ ਵੈਨ, ਮੌਕੇ ‘ਤੇ ਹੀ ਕਰੇਗੀ ਟੀਬੀ ਦੇ ਮਰੀਜਾਂ ਦੀ ਸ਼ਨਾਖਤ*
ਜਲੰਧਰ *ਗਲੋਬਲ ਆਜਤੱਕ*
ਸਿਹਤ ਵਿਭਾਗ ਜਲੰਧਰ ਵੱਲੋਂ ਟੀਬੀ ਦੇ ਸ਼ੱਕੀ ਮਰੀਜਾਂ ਦੀ ਸ਼ਨਾਖਤ ਅਤੇ ਮਲਟੀ ਡਰੱਗ ਰਜਿਸਟੈਂਸੀ ਵਾਲੇ ਕੇਸਾਂ ਦੀ ਭਾਲ ਕਰਨ ਲਈ ਸੀਬੀ ਨੈਟ ਮੋਬਾਈਲ ਵੈਨ ਚਲਾਈ ਗਈ ਹੈ। ਜਿਸਨੂੰ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਵੱਲੋਂ ਹਰੀ ਝੰਡੀ ਦੇ ਕੇ ਦਫਤਰ ਸਿਵਲ ਸਰਜਨ ਜਲੰਧਰ ਤੋਂ ਰਵਾਨਾ ਕੀਤਾ ਗਿਆ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵੈਨ 9 ਮਈ ਤੋਂ 14 ਮਈ ਤੱਕ ਕਰਤਾਰਪੁਰ, ਆਦਮਪੁਰ, ਸ਼ਾਹਕੋਟ, ਲੋਹੀਆਂ, ਬੁੰਢਾਲਾ, ਨੂਰਮਹਿਲ ਅਤੇ ਬਿਲਗਾ ਵਿਖੇ ਜਾ ਕੇ ਟੀਬੀ ਦੇ ਸ਼ੱਕੀ ਮਰੀਜ ਦੀ ਬਲਗਮ ਅਤੇ ਫਲਿਊਡ ਦੀ ਮੌਕੇ ‘ਤੇ ਹੀ ਜਾਂਚ ਕਰੇਗੀ। ਇਸ ਮੋਬਾਈਲ ਵੈਨ ਆਧੁਨਿਕ ਤਕਨੀਕੀ ਮਸ਼ੀਨਾਂ ਨਾਲ ਲੈਸ ਹੈ ਅਤੇ ਇਸਦੀ ਮਦਦ ਨਾਲ ਮੌਕੇ ‘ਤੇ ਹੀ ਵਿਅਕਤੀ ਦੀ ਜਾਂਚ ਕੀਤੀ ਜਾ ਸਕਦੀ ਹੈ।
ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਨੇ ਕਿਹਾ ਕਿ ਭਾਰਤ ਨੂੰ 2025 ਤੱਕ ਟੀਬੀ ਮੁਕਤ ਕਰਨ ਲਈ ਵਿਭਾਗ ਵੱਲੋਂ ਵੱਖ-ਵੱਖ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਟੀਬੀ ਦੀ ਬਿਮਾਰੀ ਇਕ ਤੋਂ ਦੂਜੇ ਵਿਅਕਤੀ ਵਿੱਚ ਤੇਜੀ ਨਾਲ ਫੈਲਦੀ ਹੈ। ਇਸ ਲਈ ਜੇਕਰ ਕਿਸੇ ਵੀ ਵਿਅਕਤੀ ਨੂੰ ਦੋ ਹਫਤਿਆਂ ਤੋਂ ਵੱਧ ਖਾਂਸੀ, ਲਗਾਤਾਰ ਭਾਰ ਦਾ ਘਟਣਾ, ਭੁੱਖ ਘੱਟ ਲੱਗਣਾ, ਸ਼ਾਮ ਵੇਲੇ ਬੁਖਾਰ, ਥਕਾਵਟ ਆਦਿ ਟੀਬੀ ਦੇ ਲੱਛਣ ਹੋਣ ਤਾਂ ਉਸਨੂੰ ਤੁਰੰਤ ਨਜਦੀਕੀ ਸਿਹਤ ਕੇਂਦਰ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਅਸੀਂ ਆਪਣੇ ਪਰਿਵਾਰ ਅਤੇ ਸਮਾਜ ਨੂੰ ਟੀਬੀ ਦੀ ਲਾਗ ਤੋਂ ਬਚਾਅ ਸਕਦੇ ਹਾਂ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੌਰ ਥਿੰਦ, ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਕੇਸ਼ ਕੁਮਾਰ ਚੋਪੜਾ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਗੁਪਤਾ, ਡੀਡੀਐਚਓ ਡਾ. ਬਲਜੀਤ ਕੌਰ ਰੂਬੀ, ਐਮਓਡੀਟੀਸੀ.ਡਾ. ਰਘੂਪ੍ਰਿਯਾ, ਡਿਪਟੀ ਐਮਈਆਈਓ ਪਰਮਜੀਤ ਕੌਰ, ਬੀਈਈ ਰਾਕੇਸ਼ ਸਿੰਘ ਅਤੇ ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਮੌਜੂਦ ਸਨ।



