
ਸਮਾਜ ਭਲਾਈ ਅਤੇ ਮਾਨਵਤਾ ਦੀ ਸੇਵਾ ਲਈ ਤੱਤਪਰ ਰਹਿਣਾ ਚਾਹੀਦਾ ਹੈ—ਸਿਵਲ ਸਰਜਨ ਡਾ. ਰਣਜੀਤ ਸਿੰਘ*
*ਗਲੋਬਲ ਆਜਤੱਕ*(ਅਮਰਜੀਤ ਸਿੰਘ ਲਵਲਾ)
ਸੁਤੰਤਰਤਾ ਸੈਨਾਨੀ ਸ਼ਹੀਦ ਬਾਬੂ ਲਾਭ ਸਿੰਘ (1895-1947) ਜੀ ਦੇ 75ਵੇਂ ਸ਼ਹੀਦੀ ਦਿਵਸ ਮੌਕੇ ਬੁੱਧਵਾਰ ਨੂੰ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਨਰਸਿੰਗ ਸਕੂਲ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਜਿਸ ਉਪਰੰਤ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਵਲੋਂ ਸ਼ਹੀਦ ਬਾਬੂ ਲਾਭ ਸਿੰਘ ਜੀ ਨੂੰ ਸ਼ਰਧਾਜਲੀ ਭੇਂਟ ਕਰਦਿਆਂ ਉਨ੍ਹਾਂ ਦੇ ਸੰਘਰਸ਼ਮਈ ਜੀਵਨ ਤੋਂ ਪ੍ਰੇਰਣਾ ਲੈਣ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਗੁਪਤਾ, ਸ਼ਹੀਦ ਬਾਬੂ ਲਾਭ ਸਿੰਘ ਟ੍ਰਸਟ ਦੇ ਸਕੱਤਰ ਸੁਰਿੰਦਰ ਸੈਣੀ, ਡਾ. ਅਭਿਸ਼ੇਕ ਸੱਚਰ, ਪ੍ਰਿੰਸੀਪਲ ਪਰਮਜੀਤ ਕੌਰ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਨਰਸਿੰਗ ਸਕੂਲ ਦਾ ਸਟਾਫ ਅਤੇ ਵਿਦਿਆਰਥਣਾਂ ਮੌਜੂਦ ਸਨ।
ਸਿਵਲ ਸਰਜਨ ਡਾ. ਰਣਜੀਤ ਸਿੰਘ ਵਲੋਂ ਦੱਸਿਆ ਗਿਆ ਕਿ ਦੇਸ਼ ਨੂੰ ਆਜਾਦ ਕਰਵਾਉਣ ਹਿੱਤ ਸੁਤੰਤਰਤਾ ਸੈਨਾਨੀਆਂ ਵਲੋਂ ਕੀਤੇ ਸੰਘਰਸ਼ ਵਿੱਚ, ਸਿਹਤ ਸੰਸਥਾਵਾਂ ਦੇ ਵਿਕਾਸ ਅਤੇ ਹੋਰ ਸਮਾਜ ਸੁਧਾਰਕ ਕੰਮਾਂ ਵਿੱਚ ਸ਼ਹੀਦ ਬਾਬੂ ਲਾਭ ਸਿੰਘ ਜੀ ਦੀ ਵੱਢਮੁੱਲੀ ਦੇਣ ਹੈ। ਉਨ੍ਹਾਂ ਨੇ ਜਿਲ੍ਹੇ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਕਰਨ ਅਤੇ ਇਨ੍ਹਾਂ ਤੱਕ ਲੋਕਾਂ ਦੀ ਪਹੁੰਚ ਨੂੰ ਆਸਾਨ ਬਣਾਉਣ ਲਈ ਹਰ ਸੰਭਵ ਯਤਨ ਕਰਨ ਦਾ ਵਿਸ਼ਵਾਸ ਦਿਵਾਇਆ। ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹੀਦ ਬਾਬੂ ਲਾਭ ਸਿੰਘ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਂਦੇ ਹੋਏ ਸਾਨੂੰ ਸਮਾਜ ਭਲਾਈ ਅਤੇ ਮਾਨਵਤਾ ਦੀ ਸੇਵਾ ਲਈ ਤੱਤਪਰ ਰਹਿਣਾ ਚਾਹੀਦਾ ਹੈ। ਇਸ ਮੌਕੇ ‘ਤੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਸ਼ਹੀਦ ਬਾਬੂ ਲਾਭ ਸਿੰਘ ਟ੍ਰਸਟ ਵਲੋਂ ਡਾ. ਅਭਿਸ਼ੇਕ ਸੱਚਰ ਨੂੰ ਸਨਮਾਨਿਤ ਵੀ ਕੀਤਾ ਗਿਆ।
ਸ਼ਹੀਦ ਬਾਬੂ ਲਾਭ ਸਿੰਘ ਟ੍ਰਸਟ ਦੇ ਸੱਕਤਰ ਸੁਰਿੰਦਰ ਸੇਣੀ ਵਲੋਂ ਸ਼ਹੀਦ ਬਾਬੂ ਲਾਭ ਸਿੰਘ ਜੀ ਦੀ ਜੀਵਨੀ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸ਼ਹੀਦ ਬਾਬੂ ਲਾਭ ਸਿੰਘ ਟ੍ਰਸਟ ਦੀ ਪ੍ਰਧਾਨ ਸ੍ਰੀਮਤੀ ਬਲਬੀਰ ਕੌਰ ਦੀ ਯੋਗ ਅਗਵਾਈ ਵਿੱਚ ਟ੍ਰਸਟ ਵਲੋਂ ਲੋਕ ਭਲਾਈ ਦੇ ਕੰਮਾਂ ਵਿੱਚ ਸਮੇਂ-ਸਮੇਂ ਤੇ ਆਪਣਾ ਯੋਗਦਾਨ ਦਿੰਦੇ ਹੋਏ ਲੋਕਾਂ ਤੱਕ ਬਿਹਤਰ ਸਿਹਤ ਸਹੁਲਤਾਂ ਮੁਹੱਈਆ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।



