
ਸੇਵਾ ਕੇਂਦਰਾਂ ਵਿੱਚ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨਾਲ ਸਬੰਧਤ ਦੋ ਨਵੀਂਆਂ ਸੇਵਾਵਾਂ ਅੱਜ ਤੋਂ ਸ਼ੁਰੂ
ਜਲੰਧਰ 26 ਸਤੰਬਰ (ਅਮਰਜੀਤ ਸਿੰਘ ਲਵਲਾ)
ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ) ਨਾਲ ਸਬੰਧਤ 2 ਨਵੀਂਆਂ ਸੇਵਾਵਾਂ 27 ਸਤੰਬਰ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਜਿਸ ਸਦਕਾ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨਾਲ ਸਬੰਧਤ 2 ਨਵੀਆਂ ਸੇਵਾਵਾਂ ਨੂੰ ਈ-ਸੇਵਾ ਦੇ ਨਾਲ ਏਕੀਕ੍ਰਿਤ ਕੀਤਾ ਗਿਆ ਹੈ, ਜੋ ਕਿ 27 ਸਤੰਬਰ ਤੋਂ ਸੇਵਾ ਕੇਂਦਰਾਂ ਦੇ ਮਾਧਿਅਮ ਨਾਲ ਪ੍ਰਾਪਤ ਹੋਣਗੀਆਂ।
ਉਨ੍ਹਾਂ ਅੱਗੇ ਦੱਸਿਆ ਕਿ ਖਾਧ ਪਦਾਰਥਾਂ ਲਈ ਰਜਿਸਟ੍ਰੇਸ਼ਨ ਸਰਟੀਫਿਕੇਟ (ਟਰਨਓਵਰ 12 ਲੱਖ ਰੁਪਏ ਤੋਂ ਘੱਟ) ਤਹਿਤ ਰਜਿਸਟ੍ਰੇਸ਼ਨ ਅਤੇ ਖਾਧ ਪਦਾਰਥਾਂ ਲਈ ਰਜਿਸਟ੍ਰੇਸ਼ਨ ਸਰਟੀਫਿਕੇਟ (12 ਲੱਖ ਤੋਂ ਵੱਧ ਦੀ ਟਰਨਓਵਰ) ਦਾ ਲਾਇਸੈਂਸ ਦੀਆਂ ਸੇਵਾਵਾਂ ਹੁਣ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਤੋਂ ਪ੍ਰਾਪਤ ਹੋਣਗੀਆਂ।
ਡਿਪਟੀ ਕਮਿਸ਼ਨਰ ਥੋਰੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਸੇਵਾਵਾਂ ਲਈ ਸੇਵਾ ਕੇਂਦਰਾਂ ‘ਚ 1815 ਰੁਪਏ ਪ੍ਰਤੀ ਸੇਵਾ, ਫੀਸ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਬਿਨੈਕਾਰ ਇਨ੍ਹਾਂ ਸੇਵਾਵਾਂ ਲਈ ਹੁਣ ਆਪਣੇ ਨੇੜਲੇ ਸੇਵਾ ਕੇਂਦਰ ਵਿਖੇ ਵੀ ਅਪਲਾਈ ਕਰ ਸਕਣਗੇ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿੱਚ ਕੁੱਲ 33 ਸੇਵਾ ਕੇਂਦਰ ਹਨ, ਜਿਨ੍ਹਾਂ ਵਿੱਚੋਂ 18 ਜਲੰਧਰ ਸ਼ਹਿਰ ਵਿੱਚ ਚੱਲ ਰਹੇ ਹਨ। ਸੇਵਾ ਕੇਂਦਰਾਂ ਵਿਚ ਆਧਾਰ ਕਾਰਡ ਨਾਲ ਸਬੰਧਤ, ਜਨਮ ‘ਤੇ ਮੌਤ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਵਿਆਹ ਰਜਿਸਟ੍ਰੇਸ਼ਨ ਸਰਟੀਫਿਕੇਟ, ਐਨਆਰਆਈ ਸੈੱਲ, ਪੰਜਾਬ ਤੋਂ ਦਸਤਾਵੇਜ਼ਾਂ ਦੀ ਤਸਦੀਕ ਸਮੇਤ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 332 ਤੋਂ ਵੱਧ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।



