
ਸੈਂਟਰ ਆਫ ਐਕਸੀਲੈਂਸ ਫਾਰ ਵੈਜੀਟੇਬਲਜ਼ ਦੇ ਉਤਪਾਦਾਂ ਦੇ ਵਿਆਪਕ ਪ੍ਰਚਾਰ ਲਈ ਆਈਟੀ ਇਨਫਰਾਸਟਰਕਚਰ ਅਤੇ ਮੋਬਾਇਲ ਐਪ ਵਿਕਸਿਤ ਕੀਤੀ ਜਾਵੇ–ਡਿਪਟੀ ਕਮਿਸ਼ਨਰ
ਕਿਸਾਨ ਇਸ ਕੇਂਦਰ ਰਾਹੀਂ ਆਪਣੀ ਆਮਦਨ ਵਿੱਚ ਕਰ ਸਕਦੇ ਹਨ ਵਾਧਾ
ਕਰਤਾਰਪੁਰ/ਜਲੰਧਰ(ਗਲੋਬਲ ਅਾਜਤੱਕ, ਅਮਰਜੀਤ ਸਿੱਘ ਲਵਲਾ)
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸੈਂਟਰ ਆਫ਼ ਐਕਸੀਲੈਂਸ ਫਾਰ ਵੈਜੀਟੇਬਲਜ਼ (ਇੰਡੋ-ਇਜ਼ਰਾਈਲ) ਦੀ ਮੈਨੇਜਮੈਂਟ ਨੂੰ ਆਪਣੇ ਉਤਪਾਦਾਂ ਦੀ ਲੋਕਾਂ ਵਿੱਚ ਪਹੁੰਚ ਵਧਾਉਣ ਲਈ ਤਕਨਾਲੋਜੀ ਦੀ ਸਰਬੋਤਮ ਵਰਤੋਂ ਨੂੰ ਯਕੀਨੀ ਬਣਾਉਣ ਦੀ ਹਦਾਇਤ ਦਿੱਤੀ। ਡਿਪਟੀ ਕਮਿਸ਼ਨਰ ਨੇ ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਰਿੰਦਰ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਰਣਜੀਤ ਸਿੰਘ, ‘ਤੇ ਸੈਂਟਰ ਆਫ਼ ਐਕਸੀਲੈਂਸ ਦੇ ਪ੍ਰਾਜੈਕਟ ਅਫ਼ਸਰ ਡਾ. ਦਲਜੀਤ ਸਿੰਘ ਨਾਲ ਇਸ ਕੇਂਦਰ ਦਾ ਦੌਰਾ ਕਰਦਿਆਂ ਅਧਿਕਾਰੀਆਂ ਨੂੰ ਸੂਚਨਾ ਤਕਨਾਲੋਜੀ ਸਬੰਧੀ ਬੁਨਿਆਦੀ ਢਾਂਚਾ (ਆਈਟੀ ਇਨਫਰਾਸਟਰਕਚਰ) ਅਤੇ ਇਕ ਮੋਬਾਈਲ ਐਪ ਵਿਕਸਤ ਕਰਨ ਲਈ ਕਿਹਾ ਤਾਂ ਜੋ ਕਿਸਾਨ ਆਪਣੀ ਆਮਦਨੀ ਨੂੰ ਵਧਾਉਣ ਲਈ ਇਸ ਤਕਨੀਕੀ ਪ੍ਰਗਤੀ ਦਾ ਲਾਭ ਲੈ ਸਕਣ।
ਪ੍ਰਾਜੈਕਟ ਅਫ਼ਸਰ ਨੇ ਡਿਪਟੀ ਕਮਿਸ਼ਨਰ ਨੂੰ ਜਾਣੂੰ ਕਰਵਾਇਆ ਕਿ ਇਸ ਕੇਂਦਰ ਦੇ ਉਤਪਾਦਾਂ ਦੀ ਸਪਲਾਈ ਗਾਹਕਾਂ ਨੂੰ ਸਿੱਧੇ ਤੌਰ ‘ਤੇ ਛੋਟੇ ਬੈਟਰੀ ਨਾਲ ਚੱਲਣ ਵਾਲੇ ਵਾਹਨਾਂ ਰਾਹੀਂ ਕੀਤੀ ਜਾ ਰਹੀ ਹੈ, ‘ਤੇ ਕੇਂਦਰ ਨੂੰ ਮੁਨਾਫੇ ਨਾਲ ਚਲਾਇਆ ਜਾ ਰਿਹਾ ਹੈ।
ਕੇਂਦਰ ਵੱਲੋਂ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੈਂਟਰ ਆਫ਼ ਐਕਸੀਲੈਂਸ ਵੱਲੋਂ ਸੂਬੇ, ਖ਼ਾਸਕਰ ਖੇਤਰ ਦੇ ਕਿਸਾਨਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕੇਂਦਰ ਵਿੱਚ ਵਰਤੀਆਂ ਜਾਣ ਵਾਲੀਆਂ ਅਤਿ ਆਧੁਨਿਕ ਤਕਨੀਕਾਂ ਕਿਸਾਨਾਂ ਨੂੰ ਖੇਤੀਬਾੜੀ ਦੇ ਖੇਤਰ ਵਿੱਚ ਵਰਤੀ ਜਾ ਰਹੀ ਗਲੋਬਲ ਤਕਨੀਕ ਤੋਂ ਜਾਣੂ ਕਰਵਾਉਂਦੀਆਂ ਹਨ, ਤਾਂ ਜੋ ਕਿਸਾਨਾਂ ਵੱਲੋਂ ਖੇਤੀ ਵਿਭਿੰਨਤਾ ਰਾਹੀਂ ਵੱਧ ਤੋਂ ਵੱਧ ਮੁਨਾਫਾ ਕਮਾਉਣ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਖੇਤੀ ਮੁਹਾਰਤ ਨੂੰ ਅਪਡੇਟ ਕੀਤਾ ਜਾ ਸਕੇ।
ਘਨਸ਼ਿਆਮ ਥੋਰੀ ਨੇ ਅੱਗੇ ਕਿਹਾ ਕਿ ਇਜ਼ਰਾਈਲ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਇਸ ਸੰਸਥਾ ਵਿੱਚ ਕਿਸਾਨੀ ਨੂੰ ਵਿਸ਼ੇਸ਼ ਤੌਰ ‘ਤੇ ਉਪਜ ਤੋਂ ਵੱਧ ਤੋਂ ਵੱਧ ਮੁਨਾਫਾ ਲੈਣ ਬਾਰੇ ਵੱਡਮੁੱਲੀ ਜਾਣਕਾਰੀ ਦਿੱਤੀ ਜਾਂਦੀ ਹੈ। ਕੇਂਦਰ ਵਿਚ ਸਬਜ਼ੀਆਂ ਦੀ ਸ਼ੈਲਫ ਲਾਈਫ਼ ਵਧਾਉਣ ਲਈ ਕੋਲਡ ਸਟੋਰੇਜ ਦੀ ਸਹੂਲਤ ਵੀ ਹੈ।



