
ਭਾਜਪਾ 14 ਦਸੰਬਰ ਨੂੰ ਲੁਧਿਆਣਾ ਵਿੱਚ ਕਰੇਗੀ ਵਰਕਰਾਂ ਦੀ ਵਿਸ਼ਾਲ ਕਨਵੈਨਸ਼ਨ—ਜੀਵਨ ਗੁਪਤਾ
ਜਲੰਧਰ 11 ਦਸੰਬਰ (ਅਮਰਜੀਤ ਸਿੰਘ ਲਵਲਾ)
ਪੰਜਾਬ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਹੋਰ ਹੁਲਾਰਾ ਦੇਣ ਅਤੇ ਜਥੇਬੰਦੀ ਦੀ ਸਰਗਰਮੀ ਨੂੰ ਹੋਰ ਤੇਜ਼ ਕਰਨ ਅਤੇ ਪਾਰਟੀ ਦੇ ਆਉਣ ਵਾਲੇ ਪ੍ਰੋਗਰਾਮਾਂ ਅਤੇ ਢਾਂਚੇ ਬਾਰੇ ਵਰਕਰਾਂ ਨੂੰ ਜਾਗਰੂਕ ਕਰਨ ਲਈ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਦੀ ਪ੍ਰਧਾਨਗੀ ਹੇਠ ਜਥੇਬੰਦਕ ਮੀਟਿੰਗ ਜਲੰਧਰ ਵਿਖੇ ਹੋਈ।
ਇਸ ਮੀਟਿੰਗ ਵਿੱਚ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਸੌਦਾਨ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੀਟਿੰਗ ਦੌਰਾਨ ਭਾਜਪਾ ਦੇ ਕੌਮੀ ਸਕੱਤਰ ‘ਤੇ ਸਹਿ ਇੰਚਾਰਜ ਡਾ. ਨਰਿੰਦਰ ਸਿੰਘ ਰੈਣਾ, ਹਿਮਾਚਲ ‘ਤੇ ਪੰਜਾਬ ਦੇ ਸੰਗਠਨ ਜਨਰਲ ਸਕੱਤਰ ਪਵਨ ਰਾਣਾ, ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਡਾ. ਸੁਭਾਸ਼ ਸ਼ਰਮਾ, ਰਾਜੇਸ਼ ਬਾਗਾ ਆਦਿ ਵੀ ਮੰਚ ‘ਤੇ ਉਹਨਾਂ ਨਾਲ ਹਾਜ਼ਰ ਸਨ। ਇਹਨਾਂ ਸਾਰੀਆਂ ਦਾ ਜਲੰਧਰ ਪੁੱਜਣ ‘ਤੇ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਆਪਣੀ ਟੀਮ ਦੇ ਅਹੁਦੇਦਾਰਾਂ ਸਮੇਤ ਫੁੱਲਾਂ ਦੇ ਗੁੱਲਦਸਤਿਆਂ ਅਤੇ ਦੋਸ਼ਾਲੀਆਂ ਨਾਲ ਸਵਾਗਤ ਕੀਤਾ। ਮੀਟਿੰਗ ਦਾ ਆਗਾਜ਼ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ।
ਸੌਦਾਨ ਸਿੰਘ ਨੇ ਇਸ ਮੌਕੇ ਹਾਜ਼ਰ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਭਾਰਤੀ ਜਨਤਾ ਪਾਰਟੀ ਵਰਕਰਾਂ ‘ਤੇ ਆਧਾਰਿਤ ਵਿਸ਼ਵ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ ਅਤੇ ਪੰਜਾਬ ‘ਚ ਪਹਿਲੀ ਵਾਰ ਭਾਜਪਾ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਇਕੱਲੇ ਚੋਣ ਲੜੇਗੀ ਅਤੇ ਜਨਤਾ ਦੇ ਸਹਿਯੋਗ ਨਾਲ ਬਹੁਮਤ ਹਾਸਿਲ ਕਰ ਕੇ ਸਰਕਾਰ ਬਨਾਏਗੀ। ਸੌਦਾਨ ਸਿੰਘ ਨੇ ਪਾਰਟੀ ਦੇ ਆਉਣ ਵਾਲੇ ਦਿਨਾਂ ਦੇ ਪ੍ਰੋਗਰਾਮਾਂ ਬਾਰੇ ਸਾਰਿਆਂ ਨੂੰ ਜਾਣੂ ਕਰਵਾਇਆ ਅਤੇ ਚੋਣਾਂ ਸਬੰਧੀ ਸੇਧ ਦਿੱਤੀ। ਉਨ੍ਹਾਂ ਨੇ ਸਾਰਿਆਂ ਨੂੰ ਆਪਣੇ ਜਥੇਬੰਦਕ ਢਾਂਚੇ ਦੀ ਮੁੜ ਜਾਂਚ ਕਰਨ ਅਤੇ ਇਸ ਦੀਆਂ ਬਚਿਆਂ ਕਮੀਆਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਹਦਾਇਤ ਕੀਤੀ ਅਤੇ ਪਾਰਟੀ ਵਲੋਂ ਚੋਣ ਮੈਦਾਨ ‘ਚ ਉਤਾਰੇ ਜਾਣ ਵਾਲੇ ਭਵਿੱਖ ਦੇ ਉਮੀਦਵਾਰਾਂ ਦੇ ਹੱਕ ਵਿੱਚ ਪੂਰੇ ਉਤਸ਼ਾਹ ਨਾਲ ਪ੍ਰਚਾਰ ਕਰਨ ਦਾ ਸੱਦਾ ਦਿੱਤਾ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੂਬੇ ਦੇ ਲੋਕ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਬੇਹੱਦ ਦੁਖੀ ਹਨ। ਲੋਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਵਾਈ ਵਾਅਦਿਆਂ ‘ਤੇ ਯਕੀਨ ਨਹੀਂ ਕਰਦੇ, ਕਿਉਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਖੁਦ ਇਨ੍ਹਾਂ ਝੂਠੇ ਵਾਅਦਿਆਂ ਦਾ ਪਰਦਾਫਾਸ਼ ਕਰ ਰਹੇ ਹਨ। ਇਹੀ ਹਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਹੈ, ਉਹ ਵੀ ਜਨਤਾ ਨੂੰ ਫ੍ਰੀ ਦੇ ਸੁਪਨੇ ਦਿਖਾ ਰਹੇ ਹਨ, ਜਦਕਿ ਉਹਨਾਂ ਦੀ ਆਪਣੀ ਦਿੱਲੀ ਦੀ ਹਾਲਤ ਕਿਸੇ ਤੋਂ ਲੁਕੀ ਨਹੀਂ ਹੈ। ਮਾਣਯੋਗ ਸੁਪਰੀਮ ਕੋਰਟ ਨੇ ਵੀ ਅਰਵਿੰਦ ਕੇਜਰੀਵਾਲ ਨੂੰ ਫਟਕਾਰ ਲਗਾਈ ਹੈ। ਹਰ ਕੋਈ ਭਲੀਭਾਂਤ ਜਾਣਦਾ ਹੈ ਕਿ ਜਿਹੜਾ ਮੁੱਖ ਮੰਤਰੀ ਆਪਣਾ ਸੂਬਾ ਸਹੀ ਢੰਗ ਨਾਲ ਨਹੀਂ ਚਲਾ ਸਕਦਾ, ਉਹ ਦੂਜੇ ਰਾਜਾਂ ਲਈ ਕੀ ਕਰੇਗਾ? ਸ਼ਰਮਾ ਨੇ ਕਿਹਾ ਕਿ ਝੂਠੇ ਵਾਅਦਿਆਂ ਤੋਂ ਤੰਗ ਆ ਚੁੱਕੇ ਲੋਕਾਂ ਨੇ ਹੁਣ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ ਅਤੇ ਇਸ ਵਾਰ ਭਾਜਪਾ ਦੇ ਉਮੀਦਵਾਰਾਂ ਨੂੰ ਬਹੁਮਤ ਨਾਲ ਜਿਤਾ ਕੇ ਕੇਂਦਰ ਦੀ ਭਾਜਪਾ ਸਰਕਾਰ ਵਾਂਗ ਸੂਬੇ ਦੀ ਸੱਤਾ ਵੀ ਭਾਜਪਾ ਦੇ ਹੱਥਾਂ ਵਿੱਚ ਦੇਣਗੇ।
ਜੀਵਨ ਗੁਪਤਾ ਨੇ ਇਸ ਮੌਕੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਵੱਲੋਂ 14 ਦਸੰਬਰ ਨੂੰ ਲੁਧਿਆਣਾ ਵਿਖੇ ਵਰਕਰਾਂ ਦੀ ਵਿਸ਼ਾਲ ਕਨਵੈਨਸ਼ਨ ਕੀਤੀ ਜਾਵੇਗੀ। ਜਿਸ ਵਿੱਚ ਸੂਬੇ ਭਰ ਤੋਂ 10 ਹਜ਼ਾਰ ਤੋਂ ਵੱਧ ਵਰਕਰ ਸ਼ਮੂਲੀਅਤ ਕਰਨਗੇ। ਇਸ ਮੀਟਿੰਗ ਵਿੱਚ ਸੂਬਾ ਕੋਰ ਗਰੁੱਪ ਦੇ ਅਧਿਕਾਰੀ, ਸੂਬਾਈ ਅਧਿਕਾਰੀ ਅਤੇ ਕਾਰਜਕਾਰੀ ਮੈਂਬਰ, ਸੂਬਾ ਮੋਰਚਾ ਦੇ ਅਧਿਕਾਰੀ ਅਤੇ ਕਾਰਜਕਾਰਨੀ ਮੈਂਬਰ, ਸੂਬਾ ਕੌਂਸਲ ਮੈਂਬਰ, ਸੂਬਾ ਸੈੱਲ ਟੀਮ ਦੇ ਅਧਿਕਾਰੀ, ਵਿਧਾਨ ਸਭਾ ਇੰਚਾਰਜ, ਵਿਧਾਨ ਸਭਾ ਵਿਸਤਾਰਕ, ਜ਼ਿਲ੍ਹਾ ਅਧਿਕਾਰੀ, ਜ਼ਿਲ੍ਹਾ ਮੋਰਚਾ ਦੇ ਅਧਿਕਾਰੀ, ਜ਼ਿਲ੍ਹਾ ਸੈੱਲ ਦੇ ਕਨਵੀਨਰ ਅਤੇ ਮੰਡਲ ਦੇ ਅਧਿਕਾਰੀ ਆਦਿ ਹਾਜ਼ਰ ਹੋਣਗੇ।



