
ਓਮੀਕਰੌਨ ਤੋਂ ਆਪਣਾ ‘ਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਕੋਵਿਡ ਵੈਕਸੀਨੇਸ਼ਨ ਜਰੂਰੀ—ਡਾ. ਰਣਜੀਤ ਸਿੰਘ ਘੋਤੜਾ
ਜਲੰਧਰ (ਅਮਰਜੀਤ ਸਿੰਘ ਲਵਲਾ)
ਕੋਵਿਡ ਵੈਕਸੀਨੇਸ਼ਨ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਸ੍ਰੀ ਅਦ੍ਵੈਤ ਸਵਰੂਪ ਆਸ਼ਰਮ ਨਿਜਾਤਮ ਨਗਰ, ਬਸਤੀ ਨੌ ਵਲੋਂ 100ਵਾਂ ਕੋਵਿਡ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਕੈਂਪ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਸਿਵਲ ਸਰਜਨ ਜਲੰਧਰ ਡਾ. ਰਣਜੀਤ ਸਿੰਘ ਘੋਤੜਾ ਅਤੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਕੁਮਾਰ ਚੋਪੜਾ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਪ੍ਰੋਜੋਕਟ ਕੋਆਰਡੀਨੇਟਰ ਡਾ. ਸੁਰਭੀ, ਜਿਲ੍ਹਾ ਅਕਾਊਂਟ ਅਫ਼ਸਰ ਸੰਜੀਵ ਕੁਮਾਰ, ਬੀਈਈ ਰਾਕੇਸ਼ ਸਿੰਘ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਸ੍ਰੀ ਅਦ੍ਵੈਤ ਸਵਰੂਪ ਆਸ਼ਰਮ ਦੇ ਸੰਤ ਸਾਰ ਬੋਧਾਨੰਦ ਜੀ, ਸੀਨੀਅਰ ਮੈਂਬਰ ਯਸ਼ਪਾਲ ਵਰਮਾ, ਮੋਹਨ ਲਾਲ ਨਾਰੰਗ, ਸੁਰਿੰਦਰ ਭਾਟੀਆ, ਵਿਸ਼ਨ ਦਾਸ ਅਤੇ ਐਡਵੋਕੇਟ ਵਿਕਰਾਂਤ ਰਾਣਾ ਵੀ ਮੌਜੂਦ ਸਨ।
ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਵਲੋਂ ਆਸ਼ਰਮ ਦਾ ਧੰਨਵਾਦ ਕਰਦੇ ਹੋਏ ਦੱਸਿਆ ਗਿਆ ਕਿ ਸਿਹਤ ਵਿਭਾਗ ਸੰਸਥਾਂ ਦਾ ਧੰਨਵਾਦੀ ਹੈ ਜੋ ਮਨੁੱਖਤਾ ਦੀ ਸੇਵਾ ਅਤੇ ਸਿਹਤ ਵਿਭਾਗ ਦਾ ਸਹਿਯੋਗ ਕਰਦੇ ਹੋਏ 100ਵਾਂ ਕੋਵਿਡ ਵੈਕਸੀਨੇਸ਼ਨ ਕੈਂਪ ਲਗਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੋ ਲੋਕ ਕਿਸੇ ਕਾਰਨ ਕਰਕੇ ਵੈਕਸੀਨੇਸ਼ਨ ਨਹੀਂ ਲਗਵਾ ਸਕੇ ਹਨ, ਉਹ ਵੀ ਜਲਦ ਤੋਂ ਜਲਦ ਸਿਹਤ ਵਿਭਾਗ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਏ ਜਾ ਰਹੇ ਕੈਂਪਾਂ ਵਿੱਚ ਆ ਕੇ ਆਪਣਾ ਟੀਕਾਕਰਨ ਕਰਵਾਉਣ। ਉਨ੍ਹਾਂ ਕੋਰੋਨਾ ਦੇ ਨਵੇਂ ਰੂਪ ਓਮੀਕਰੌਨ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਰੋਨਾ ਦਾ ਇਹ ਰੂਪ ਕਾਫੀ ਤੇਜੀ ਨਾਲ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਰਿਹਾ ਹੈ। ਇਸ ਤੋਂ ਬਚਣ ਦਾ ਇਹੀ ਤਰੀਕਾ ਹੈ ਕਿ ਅਸੀਂ ਆਪਣਾ ‘ਤੇ ਆਪਣੇ ਪਰਿਵਾਰ ਦਾ ਟੀਕਾਕਰਨ ਕਰਵਾ ਕੇ ਪੂਰੀ ਤਰ੍ਹਾਂ ਸੁਰੱਖਿਅਤ ਹੋ ਜਾਈਏ।
ਇਸ ਮੌਕੇ ਡਾ. ਰਣਜੀਤ ਸਿੰਘ ਘੋਤੜਾ ਵੱਲੋਂ ਸੰਸਥਾਂ ਦੇ ਸੇਵਾਦਾਰ, ਜਿਨ੍ਹਾਂ ਨੇ 100 ਵੈਕਸੀਨੇਸ਼ਨ ਕੈਂਪਾ ਦੌਰਾਨ ਆਪਣੀ ਸੇਵਾ ਨਿਭਾਉਂਦੇ ਹੋਏ ਆਪਣਾ ਵੱਢਮੁੱਲਾ ਯੋਗਦਾਨ ਦਿੱਤਾ ਹੈ, ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਅਦਵ੍ਵੈਤ ਸਵਰੂਪ ਆਸ਼ਰਮ ਦੇ ਮੈਂਬਰਾਂ ਵੱਲੋਂ ਸਿਵਲ ਸਰਜਨ ਜਲੰਧਰ ਡਾ. ਰਣਜੀਤ ਸਿੰਘ ਘੋਤੜਾ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਕੁਮਾਰ ਚੋਪੜਾ ਅਤੇ ਸਿਹਤ ਵਿਭਾਗ ਦੀ ਟੀਮ ਦਾ ਵੈਕਸੀਨੇਸ਼ਨ ਕੈਂਪ ਦੇ ਵਿੱਚ ਸਹਿਯੋਗ ਕਰਨ ਲਈ ਧੰਨਵਾਦ ਕਰਦੇ ਹੋਏ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।



