ਖਾਲਸਾ ਕਾਲਜ ਜਲੰਧਰ ਦੀ ਪ੍ਰਭਲੀਨ ਕੌਰ ਨੇ ਕੀਤਾ ਪਹਿਲਾ ਸਥਾਨ ਹਾਸਲ
ਜਲੰਧਰ (ਅਮਰਜੀਤ ਸਿੰਘ ਲਵਲਾ)
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਜਲੰਧਰ ਵਿਖੇ ਆਨਲਾਈਨ ਕਵਿਤਾ ਉਚਾਰਣ ਮੁਕਾਬਲੇ ਪ੍ਰੋਫੈਸਰ ਡਾ. ਕਮਲੇਸ਼ ਸਿੰਘ ਦੁੱਗਲ, ਓਐਸਡੀ ਦੀ ਰਹਿਨੁਮਾਈ ਹੇਠ ਕਰਵਾਏ ਗਏ, ਜਿਸ ਵਿੱਚ ਲਗਭਗ 11 ਕਾਲਜਾਂ ਦੇ 47 ਪ੍ਰਤੀਯੋਗੀਆਂ ਨੇ ਹਿੱਸਾ ਲਿਆ।
ਇਸ ਮੁਕਾਬਲੇ ਵਿੱਚ ਵਿਚ ਸਾਰੇ ਪ੍ਰਤੀਯੋਗੀਆਂ ਦੇ ਕਵਿਤਾ ਉਚਾਰਣ ਦਾ ਮੁਲਾਂਕਣ ਸ਼੍ਰੀਮਤੀ ਸਿਮਰਨਪ੍ਰੀਤ ਕੌਰ, ਸ਼੍ਰੀਮਤੀ ਗੁਰਪ੍ਰੀਤ ਕੌਰ ਵੱਲੋਂ ਬੜੇ ਪਾਰਦਰਸ਼ੀ ਢੰਗ ਨਾਲ ਕੀਤਾ ਗਿਆ। ਜਦਕਿ ਮੁਕਾਬਲੇ ਨੂੰ ਤਕਨੀਕੀ ਪ੍ਰਬੰਧਨ ਤੌਰ ‘ਤੇ ਸਫ਼ਲ ਬਣਾਉਣ ਵਿੱਚ ਮਿਸ. ਜੈਦੀਪ ਕੌਰ, ਹਰਜੀਤ ਸਿੰਘ (ਸੁਪਰਡੰਟ) ਅਤੇ ਅਸ਼ੋਕ ਕੁਮਾਰ (ਸੀਨੀਅਰ ਸਹਾਇਕ) ਨੇ ਵੱਡਮੁੱਲਾ ਯੋਗਦਾਨ ਪਾਇਆ।
ਇਸ ਮੁਕਾਬਲੇ ਵਿੱਚ ਖਾਲਸਾ ਕਾਲਜ, ਜਲੰਧਰ ਦੀ ਪ੍ਰਭਲੀਨ ਕੌਰ ਨੇ ਪਹਿਲਾ, ਖਾਲਸਾ ਕਾਲਜ ਅੰਮ੍ਰਿਤਸਰ ਦੀ ਹਰਲੀਨ ਕੌਰ ਅਤੇ ਐਮਜੀਐਨ ਕਾਲਜ ਆਫ ਐਜੂਕੇਸ਼ਨ, ਜਲੰਧਰ ਦੀ ਰਮਨੀਤ ਨੇ ਦੂਜਾ ਸਥਾਨ ਹਾਸਲ ਕੀਤਾ ਜਦਕਿ ਐਨਜੇਐਸਏ ਸਰਕਾਰੀ ਕਾਲਜ ਕਪੂਰਥਲਾ ਦੇ ਅਮਨ ਗਾਂਧੀ, ਖਾਲਸਾ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਦੀ ਜਸਲੀਨ ਕੌਰ ਅਤੇ ਪੀਸੀਐਮਐਸਡੀ ਕਾਲਜ ਫਾਰ ਵੂਮੈਨ, ਜਲੰਧਰ ਦੀ ਅਰਸ਼ਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਰ ਧਾਰਮਿਕ ਸਰਗਰਮੀਆਂ ਤੋਂ ਇਲਾਵਾ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ,
ਜਿਨ੍ਹਾਂ ਵਿਚ ਗੁਰੂ ਸਾਹਿਬ ਦੇ ਜੀਵਨ, ਬਾਣੀ, ਸਿੱਖਿਆ ਅਤੇ ਸਾਧਨ ‘ਤੇ ਆਧਾਰਿਤ ਮੁਕਾਬਲੇ ਸ਼ਾਮਲ ਹਨ।



