
ਨਵੀਂ ਮਸ਼ੀਨਰੀ ਖਰੀਦਣ ਲਈ 118 ਸਹਿਕਾਰੀ ਸੁਸਾਇਟੀਆਂ, ਕਿਸਾਨ ਸਮੂਹਾਂ ‘ਤੇ ਪੰਚਾਇਤਾਂ ਨੂੰ ਦਿੱਤੀ ਮਨਜ਼ੂਰੀ
ਜਲੰਧਰ (ਅਮਰਜੀਤ ਸਿੰਘ ਲਵਲਾ)
ਜ਼ਿਲ੍ਹੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਤਰੀਕਿਆਂ ਦਾ ਸਹਾਰਾ ਨਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਅੱਗ ਕਾਰਨ ਹੋਣ ਵਾਲਾ ਧੂੰਆਂ ਆਮ ਲੋਕਾਂ ਖਾਸ ਕਰਕੇ ਕੋਵਿਡ-19 ਨਾਲ ਜੂਝ ਰਹੇ ਮਰੀਜ਼ਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਸਕਦਾ ਹੈ।
ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਆਈ-ਖੇਤ ਮੋਬਾਈਲ ਐਪ ਨੂੰ ਇਨਕਲਾਬੀ ਕਦਮ ਕਰਾਰ ਦਿੱਤਾ, ਜਿੱਥੇ ਕਿਸਾਨ ਬਲਾਕ ਪੱਧਰ ‘ਤੇ ਮਸ਼ੀਨਰੀ ਦੀ ਉਪਲਬਧਤਾ ਚੈੱਕ ਕਰ ਸਕਦੇ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਸੁਪਰ ਸੀਡਰ, ਮਲਚਰ, ਆਰਐਮਬੀ ਪਲੋਅ, ਹੈਪੀ ਸੀਡਰ, ਸੁਪਰ ਐਸਐਮਐਸ ਸਮੇਤ 3858 ਮਸ਼ੀਨਾਂ ਉਪਲਬਧ ਹਨ, ਜਿਨ੍ਹਾਂ ਨੂੰ ਆਈ-ਖੇਤ ਐਪ ਦੇ ਮਧਿਅਮ ਰਾਹੀਂ ਵੇਖਿਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕੁੱਲ 118 ਸਹਿਕਾਰੀ ਸਭਾਵਾਂ, ਕਿਸਾਨ ਸਮੂਹਾਂ ਅਤੇ ਪੰਚਾਇਤਾਂ ਨੂੰ ਨਵੀਆਂ ਮਸ਼ੀਨਾਂ ਖਰੀਦ ਕਰਨ ਲਈ ਮੌਕੇ ‘ਤੇ ਪ੍ਰਵਾਨਗੀ ਵੀ ਜਾਰੀ ਕੀਤੀ ਅਤੇ ਕਸਟਮਰ ਹਾਇਰਿੰਗ ਸੈਂਟਰਾਂ ਨੂੰ ਛੋਟੇ ਅਤੇ ਸੀਮਾਂਤ ਕਿਸਾਨਾਂ ਤੋਂ ਫਸਲਾਂ ਦੀ ਰਹਿੰਦ-ਖੂਹੰਦ ਦੇ ਪ੍ਰਬੰਧਨ ਲਈ ਉਨ੍ਹਾਂ ਪਾਸੋਂ ਲਈ ਗਈ ਮਸ਼ੀਨਰੀ ਦਾ ਕਿਰਾਇਆ ਨਾ ਲੈਣ ਦੀਆਂ ਹਦਾਇਤਾਂ ਵੀ ਦਿੱਤੀਆਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੇ ਰੁਝਾਨ ਦੀ ਰੋਕਥਾਮ ਲਈ ਜਾਗਰੂਕਤਾ ਮੁਹਿੰਮ ਤੋਂ ਲੈ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਤੱਕ ਬਹੁਪੱਖੀ ਰਣਨੀਤੀ ਅਪਣਾਈ ਜਾਵੇਗੀ ਅਤੇ ਅਜਿਹੀਆਂ ਘਟਨਾਵਾਂ ‘ਤੇ ਸਖ਼ਤ ਨਜ਼ਰ ਰੱਖਣ ਲਈ ਇੱਕ ਵਿਆਪਕ ਯੋਜਨਾ ਪਹਿਲਾਂ ਤੋਂ ਹੀ ਤਿਆਰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਅੱਗੇ ਅਧਿਕਾਰੀਆਂ ਨੂੰ ਹਰ ਮਾਮਲੇ ਵਿੱਚ ਫਿਜ਼ੀਕਲ ਵੈਰੀਫਿਕੇਸ਼ਨ ਨੂੰ ਯਕੀਨੀ ਬਣਾਉਂਦਿਆਂ ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ‘ਤੇ ਸਖ਼ਤ ਨਜ਼ਰ ਰੱਖਣ ਲਈ ਕਿਹਾ।
ਡਿਪਟੀ ਕਮਿਸ਼ਨਰ ਥੋਰੀ ਨੇ ਕਿਹਾ ਕਿ ਰਿਮੋਟ ਸੈਂਸਿੰਗ ਸੈਟੇਲਾਈਟ ਰਾਹੀਂ ਸਖ਼ਤ ਚੌਕਸੀ ਵੀ ਰੱਖੀ ਜਾ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਦੋਸ਼ੀ ਵਿਅਕਤੀ ਕਾਰਵਾਈ ਤੋਂ ਬਚ ਨਾ ਸਕੇ। ਉਨ੍ਹਾਂ ਕਿਹਾ ਕਿ ਸੈਟੇਲਾਈਟ ਰਾਹੀਂ ਉਸ ਜਗ੍ਹਾ ਦਾ ਪਤਾ ਲਗਾਇਆ ਜਾਵੇਗਾ ਜਿੱਥੇ ਝੋਨੇ ਦੀ ਪਰਾਲੀ ਨੂੰ ਸਾੜਿਆ ਗਿਆ ਹੈ, ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਸ ਵਿੱਚ ਸ਼ਾਮਲ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਐਸਡੀਐਮਜ਼ ਨੂੰ ਸਮੁੱਚੀਆਂ ਕੰਬਾਈਨਾਂ ਸੁਪਰ ਐਸਐਮਐਸ ਤਕਨੀਕ ਨਾਲ ਲੈਸ ਹੋਣ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਅਤੇ ਕਿਹਾ ਕਿ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਸਹਾਇਕ ਕਮਿਸ਼ਨਰ ਹਰਦੀਪ ਸਿੰਘ, ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਜਗਜੀਤ ਸਿੰਘ, ਡੀਡੀਪੀਓ ਇਕਬਾਲਜੀਤ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਮੌਜੂਦ ਸਨ।



