
*ਇਮਾਰਤ ਦੇ ਅੰਦਰ ‘ਤੇ ਆਲੇ-ਦੁਆਲੇ 32 ਸੀਸੀਟੀਵੀਜ਼ ਪਹਿਲਾਂ ਹੀ ਸਥਾਪਤ*
ਜਲੰਧਰ *ਗਲੋਬਲ ਆਜਤੱਕ*(ਅਮਰਜੀਤ ਸਿੰਘ ਲਵਲਾ)
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੰਪਲੈਕਸ ਦੇ ਸਾਰੇ ਚਾਰੋ ਐਂਟਰੀ ਪੁਆਇੰਟਾਂ ‘ਤੇ 16 ਨਵੇਂ ਸੀਸੀਟੀਵੀ ਕੈਮਰੇ ਲਗਾਏ ਜਾਣਗੇ, ਜਿਨ੍ਹਾਂ ਵਿੱਚ ਹਰੇਕ ਗੇਟ ‘ਤੇ ਚਾਰ ਕੈਮਰੇ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਫੈਸਲਾ ਕੰਪਲੈਕਸ ਵਿਖੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਦੇ ਮੱਦੇਨਜ਼ਰ ਲਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਮਾਰਤ ਦੇ ਅੰਦਰ ਜਾਂ ਆਲੇ ਦੁਆਲੇ ਪਹਿਲਾਂ ਹੀ 32 ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਹਾਲਾਂਕਿ, ਸਾਰੇ ਐਂਟਰੀ ਪੁਆਇੰਟਾਂ ਨੂੰ ਸੀਸੀਟੀਵੀ ਨਿਗਰਾਨੀ ਨਾਲ ਕਵਰ ਕਰਨ ਦੀ ਲੋੜ ਲੰਬੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਹ ਨਵੇਂ ਕੈਮਰੇ ਲਾਉਣ ਨਾਲ ਕੰਪਲੈਕਸ ਵਿੱਚ ਕੈਮਰਿਆਂ ਦੀ ਕੁੱਲ ਗਿਣਤੀ 48 ਹੋ ਜਾਵੇਗੀ, ਜਿਸ ਸਦਕਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਾਰੇ ਪੁਆਇੰਟਾਂ ਦੀ ਸੌ ਫੀਸਦੀ ਕਵਰੇਜ ਯਕੀਨੀ ਬਣੇਗੀ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ 2 ਐਮਪੀ ਆਈਪੀ ਕੈਮਰੇ ਸਾਰੀਆਂ ਥਾਵਾਂ ‘ਤੇ ਲਗਾਏ ਜਾਣਗੇ ਅਤੇ ਅਧਿਕਾਰੀਆਂ ਵੱਲੋਂ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਕੈਮਰਿਆਂ ਦੀ ਸਪਲਾਈ ਅਤੇ ਇੰਸਟਾਲੇਸ਼ਨ ਲਈ ਬਾਜ਼ਾਰ ਤੋਂ ਕੁਟੇਸ਼ਨਾਂ ਦੀ ਮੰਗ ਕੀਤੀ ਗਈ ਹੈ ਅਤੇ ਜਲਦੀ ਹੀ ਘੱਟ ਕੁਟੇਸ਼ਨ ਵਾਲੀ ਫਰਮ ਨੂੰ ਕੰਮ ਅਲਾਟ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਕੰਪਲੈਕਸ ਵਿਖੇ ਸੁਰੱਖਿਆ ਵਿਵਸਥਾ ਕਈ ਗੁਣਾ ਵਧ ਜਾਵੇਗੀ, ਜਿਸ ਨਾਲ ਵੱਡੀ ਗਿਣਤੀ ਵਿੱਚ ਕੰਪਲੈਕਸ ਵਿੱਚ ਆਉਣ ਵਾਲੇ ਲੋਕਾਂ ਦੀ ਸੁਰੱਖਿਆ ਵਿੱਚ ਮਦਦ ਮਿਲੇਗੀ।



