JalandharPunjab

ਜ਼ਿਲ੍ਹਾ ਪ੍ਰਸ਼ਾਸਨ ਅਮਨ-ਅਮਾਨ ਨਾਲ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ—ਘਨਸ਼ਿਆਮ ਥੋਰੀ

9 ਵਿਧਾਨ ਸਭਾ ਹਲਕਿਆਂ 'ਚ ਕੁੱਲ 16,50,867 ਵੋਟਰਾਂ 'ਚ 858305 ਪੁਰਸ਼, 792532 ਮਹਿਲਾ ਅਤੇ 30 ਥਰਡ ਜੈਂਡਰ ਵੋਟਰ ਸ਼ਾਮਲ

ਜ਼ਿਲ੍ਹੇ ‘ਚ 80 ਸਾਲ ਤੋਂ ਵੱਧ ਉਮਰ ਵਾਲੇ 45610 ਵੋਟਰ, 18 ਤੋਂ 19 ਸਾਲ ਵਾਲੇ 27042 ਨੌਜਵਾਨ ਵੋਟਰ, 11692 ਦਿਵਿਆਂਗ ਵੋਟਰ, 73 ਐਨਆਰਆਈ ਵੋਟਰ
ਕੁੱਲ 1974 ਪੋਲਿੰਗ ਸਟੇਸ਼ਨਾਂ ‘ਚ ਸ਼ਾਮਲ ਹੋਣਗੇ 59 ਮਾਡਲ ਪੋਲਿੰਗ ਸਟੇਸ਼ਨ, ਹਰ ਹਲਕੇ ‘ਚ ਮਹਿਲਾਵਾਂ ਲਈ ਇਕ ਵਿਸ਼ੇਸ਼ ਪੋਲਿੰਗ ਸਟੇਸ਼ਨ, ਪਿੰਗਲਵਾੜਾ ਜਲੰਧਰ ਵਿਖੇ ਵਿਸ਼ੇਸ਼ ਤੌਰ ‘ਤੇ ਪੋਲਿੰਗ ਸਟੇਸ਼ਨ ਨੂੰ ਚਲਾਉਣਗੇ ਦਿਵਿਆਂਗਜਨ
18 ਸਾਲ ਤੋਂ ਵੱਧ ਉਮਰ ਦੇ ਰਹਿ ਗਏ ਵੋਟਰ 28 ਜਨਵਰੀ ਤੱਕ ਲੋੜੀਂਦੀ ਪ੍ਰਕਿਰਿਆ ਰਾਹੀਂ ਬਣਾ ਸਕਦੇ ਨੇ ਵੋਟ
ਜਲੰਧਰ (ਅਮਰਜੀਤ ਸਿੰਘ ਲਵਲਾ)
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ 14 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਸਬੰਧੀ ਇਥੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੀ ਚੋਣ ਪ੍ਰਕਿਰਿਆ ਨਿਰਪੱਖ ਅਤੇ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਪੂਰੀ ਤਰ੍ਹਾਂ ਤਿਆਰ ਹੈ।
9 ਵਿਧਾਨ ਸਭਾ ਹਲਕਿਆਂ ਦੇ ਕੁੱਲ ਵੋਟਰਾਂ ਬਾਰੇ ਜਾਣਕਾਰੀ ਦਿੰਦਿਆਂ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 5 ਜਨਵਰੀ ਨੂੰ ਹੋਈ ਅੰਤਿਮ ਪ੍ਰਕਾਸ਼ਨਾ ਅਨੁਸਾਰ ਕੁੱਲ 16,50,867 ਵੋਟਰ ਹਨ, ਜਿਨ੍ਹਾਂ ਵਿੱਚ 858305 ਪੁਰਸ਼, 792532 ਮਹਿਲਾ ਅਤੇ 30 ਥਰਡ ਜੈਂਡਰ ਵੋਟਰ ਸ਼ਾਮਲ ਹਨ। ਇਸੇ ਤਰ੍ਹਾਂ 80 ਸਾਲ ਤੋਂ ਵੱਧ ਉਮਰ ਵਾਲੇ 45610 ਵੋਟਰ, 18 ਤੋਂ 19 ਸਾਲ ਵਾਲੇ 27042 ਨੌਜਵਾਨ ਵੋਟਰ, 11692 ਦਿਵਿਆਂਗ ਵੋਟਰ, 73 ਐਨਆਰਆਈ ਵੋਟਰ ਹਨ। ਵੋਟਰਾਂ ਦੀ ਸਹੂਲਤ ਲਈ ਜ਼ਿਲ੍ਹੇ ਵਿੱਚ 1974 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ, ਜਿਹੜੇ ਕਿ ਕੈਮਰੇ ਦੀ ਨਿਗਰਾਨੀ ਹੇਠ ਰਹਿਣਗੇ। ਇਨ੍ਹਾਂ ਪੋਲਿੰਗ ਸਟੇਸ਼ਨਾਂ ਵਿੱਚ 59 ਮਾਡਲ ਪੋਲਿੰਗ ਸਟੇਸ਼ਨਾਂ ਦੇ ਨਾਲ-ਨਾਲ ਹਰੇਕ ਹਲਕੇ ਵਿੱਚ ਮਹਿਲਾਵਾਂ ਨੂੰ ਸਮਰਪਿਤ 1 ਵਿਸ਼ੇਸ਼ ਪੋਲਿੰਗ ਸਟੇਸ਼ਨ ਵੀ ਹੋਵੇਗਾ। ਦਿਵਿਆਂਗ ਵਿਅਕਤੀਆਂ ਵੱਲੋਂ ਸਥਾਨਕ ਪਿੰਗਲਵਾੜਾ ਵਿਖੇ ਪੋਲਿੰਗ ਸਟੇਸ਼ਨ ਨੂੰ ਚਲਾਇਆ ਜਾਵੇਗਾ। ਜ਼ਿਲ੍ਹੇ ਵਿੱਚ 181 ਸੁਪਰਵਾਈਜ਼ਰ ਅਤੇ 1974 ਬੂਥ ਲੈਵਲ ਅਫ਼ਸਰ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 488 ਸੰਵੇਦਨਸ਼ੀਲ ਬੂਥਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿਨ੍ਹਾਂ ਉਤੇ ਵਿਸ਼ੇਸ਼ ਸੁਰੱਖਿਆ ਪ੍ਰਬੰਧ ਅਮਲ ਵਿੱਚ ਲਿਆਂਦੇ ਜਾਣਗੇ।

ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਵਿਧਾਨ ਸਭਾ ਚੋਣਾਂ-2022 ਅਤੇ ਆਦਰਸ਼ ਚੋਣ ਜ਼ਾਬਤੇ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ 18 ਤੋਂ 19 ਸਾਲ ਉਮਰ ਵਰਗ ਦੇ ਵੋਟਰਾਂ ਵਿੱਚ ਜ਼ਿਲ੍ਹੇ ਅੰਦਰ 27042 ਵੋਟਰ ਹਨ। ਉਨ੍ਹਾਂ ਦੱਸਿਆ ਕਿ ਜੇਕਰ 18 ਸਾਲ ਉਮਰ ਵਰਗ ਦਾ ਕੋਈ ਵੀ ਨੌਜਵਾਨ ਵੋਟ ਬਣਾਉਣ ਤੋਂ ਵਾਂਝਾ ਰਹਿ ਗਿਆ ਹੈ ਤਾਂ ਉਹ ਲੋੜੀਂਦੀ ਪ੍ਰਕਿਰਿਆ ਪੂਰੀ ਕਰਕੇ ਨਾਮਜ਼ਦਗੀਆਂ ਦੀ ਅੰਤਿਮ ਮਿਤੀ 28 ਜਨਵਰੀ ਤੱਕ ਆਪਣੀ ਵੋਟ ਬਣਵਾ ਸਕਦਾ ਹੈ।
ਆਦਰਸ਼ ਚੋਣ ਜ਼ਾਬਤੇ ਦੀ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਲੋੜੀਂਦੀ ਸੂਚਨਾ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 9 ਵਿਧਾਨ ਸਭਾ ਹਲਕਿਆਂ ਵਿੱਚ 9-9 ਉਡਣ ਦਸਤੇ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹੋਏ ਲੋੜੀਂਦੀ ਕਾਰਵਾਈ ਨੂੰ ਅਮਲ ਵਿੱਚ ਲਿਆ ਰਹੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਚੋਣ ਜ਼ਾਬਤੇ ਦੀ ਸ਼ੁਰੂਆਤ ਨਾਲ ਪਹਿਲਾਂ ਤੋਂ ਚੱਲ ਰਹੇ ਕੰਮ ਹੀ ਜਾਰੀ ਰਹਿਣਗੇ ਅਤੇ ਕੋਈ ਵੀ ਨਵਾਂ ਕੰਮ ਸ਼ੁਰੂ ਨਹੀਂ ਕੀਤਾ ਜਾ ਸਕੇਗਾ।
80 ਸਾਲ ਤੋਂ ਵੱਧ ਉਮਰ ਵਾਲੇ ਵੋਟਰਾਂ ਅਤੇ ਦਿਵਿਆਂਗ ਵੋਟਰਾਂ ਲਈ ਚੋਣ ਕਮਿਸ਼ਨਰ ਵੱਲੋਂ ਐਲਾਨੀ ਪੋਸਟਲ ਬੈਲਟ ਦੀ ਸਹੂਲਤ ਸਬੰਧੀ ਉਨ੍ਹਾਂ ਕਿਹਾ ਕਿ ਪਹਿਲੀ ਵਾਰ ਸ਼ੁਰੂ ਕੀਤੀ ਇਸ ਸਹੂਲਤ ਤਹਿਤ ਜਿਹੜੇ ਲਾਭਪਾਤਰੀ ਇਸ ਦਾ ਫਾਇਦਾ ਲੈਣਾ ਚਾਹੁੰਦੇ ਹਨ, ਉਹ ਆਪਣੇ ਸਬੰਧਤ ਆਰਓ ਨੂੰ ਇਸ ਸਬੰਧੀ ਆਪਣੀ ਰਾਇ ਦੇ ਸਕਦੇ ਹਨ ਤਾਂ ਜੋ ਕਾਰਵਾਈ ਉਪਰੰਤ ਉਹ ਆਪਣੇ ਘਰ ਵਿੱਚ ਹੀ ਵੋਟ ਪਾ ਸਕਣ। ਉਨ੍ਹਾਂ ਦੱਸਿਆ ਕਿ ਅਜਿਹੇ ਵੋਟਰਾਂ ਦੀ ਸੂਚਨਾ ਸਿਆਸੀ ਪਾਰਟੀਆਂ ਨੂੰ ਜਾਣਕਾਰੀ ਲਈ ਦਿੱਤੀ ਜਾਵੇਗੀ ਤਾਂ ਜੋ ਸਾਰੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਮੁਕੰਮਲ ਹੋ ਸਕੇ।

ਕੋਵਿਡ ਪਾਬੰਦੀਆਂ ਸਬੰਧੀ ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਪਹਿਲਾਂ ਹੀ 15 ਜਨਵਰੀ ਤੱਕ ਰੈਲੀਆਂ, ਜਲਸਿਆਂ ਤੇ ਚੋਣ ਇਕੱਠ ਆਦਿ ‘ਤੇ ਪੂਰੀ ਪਾਬੰਦੀ ਹੈ ਅਤੇ ਇਸ ਵਿੱਚ ਕੋਈ ਵੀ ਉਲੰਘਣਾ ਬਰਦਾਸ਼ਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਵੱਲੋਂ 5 ਵਿਅਕਤੀਆਂ ਸਮੇਤ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਸਕਦਾ ਹੈ।
*ਨਿਗਰਾਨ ਟੀਮਾਂ ਵੱਲੋਂ ਕਾਰਵਾਈ ਸ਼ੁਰੂ*
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਚੋਣਾਂ ਦੇ ਐਲਾਨ ਦੇ ਨਾਲ ਹੀ ਉਡਣ ਦਸਤਿਆਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। 21 ਜਨਵਰੀ ਨੂੰ ਨਾਮਜ਼ਦਗੀਆਂ ਦੀ ਸ਼ੁਰੂਆਤ ਨਾਲ ਖਰਚਾ ਅਤੇ ਹੋਰ ਨਿਗਰਾਨ ਟੀਮਾਂ ਵੀ ਆਪਣਾ ਕੰਮ ਸ਼ੁਰੂ ਕਰ ਦੇਣਗੀਆਂ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਦਾ ਕੁੱਲ ਚੋਣ ਖਰਚਾ 40 ਲੱਖ ਰੁਪਏ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀ-ਵਿਜਿਲ, ਸੁਵਿਧਾ ਐਪ ਤੋਂ ਇਲਾਵਾ ਸ਼ਿਕਾਇਤਾਂ ਲਈ ਸ਼ਿਕਾਇਤ ਨਿਵਾਰਣ ਸੈਲ ਸਥਾਪਤ ਕੀਤਾ ਗਿਆ ਹੈ।
*ਕੋਵਿਡ ਸਲਾਹਕਾਰੀਆਂ ‘ਤੇ ਰਹੇਗਾ ਵਿਸ਼ੇਸ਼ ਧਿਆਨ*
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਸਾਰੀਆਂ ਧਿਰਾਂ ਚੋਣ ਅਮਲਾ, ਵੋਟਰ ਅਤੇ ਹੋਰਨਾਂ ਨੂੰ ਕੋਵਿਡ ਦੇ ਪ੍ਰਭਾਵ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਅਤੇ ਸਿਹਤ ਸਲਾਹਕਾਰੀਆਂ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚੋਣ ਅਮਲੇ ਵਿੱਚ ਸ਼ਾਮਲ 96 ਫੀਸਦੀ ਅਧਿਕਾਰੀਆਂ, ਕਰਮਚਾਰੀਆਂ ਦੇ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਚੋਣ ਡਿਊਟੀ ਵਿੱਚ 2389 ਪ੍ਰੀਜ਼ਾਈਡਿੰਗ ਅਫ਼ਸਰ, 7167 ਪੋਲਿੰਗ ਅਫ਼ਸਰ, 1163 ਮਾਈਕਰੋ ਅਬਜ਼ਰਵਰ ਤਾਇਨਾਤ ਕੀਤੇ ਜਾਣਗੇ।
*ਲਾਇਸੰਸੀ ਹਥਿਆਰ ਲਗਾਤਾਰ ਹੋ ਰਹੇ ਨੇ ਜਮ੍ਹਾ*  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਵੱਲੋਂ 75 ਫੀਸਦੀ ਤੋਂ ਵੱਧ ਅਤੇ ਐਸ.ਐਸ.ਪੀ. ਦਿਹਾਤੀ ਵੱਲੋਂ 85 ਫੀਸਦੀ ਤੋਂ ਵੱਧ ਹਥਿਆਰ ਜਮ੍ਹਾ ਕਰਵਾਏ ਜਾ ਚੁੱਕੇ ਹਨ ਅਤੇ ਇਹ ਪ੍ਰਕਿਰਿਆ ਲਗਾਤਾਰ ਜਾਰੀ ਹੈ।
*ਚੋਣ ਪ੍ਰਕਿਰਿਆ ਦਾ ਵੇਰਵਾ*                                                 ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 21 ਜਨਵਰੀ ਨੂੰ ਨਾਮਜ਼ਦਗੀਆਂ ਸ਼ੁਰੂ ਹੋਣਗੀਆਂ, ਜਿਹੜੀਆਂ ਕਿ 28 ਜਨਵਰੀ ਤੱਕ ਜਾਰੀ ਰਹਿਣਗੀਆਂ। ਨਾਮਜ਼ਦਗੀਆਂ  ਦੀ ਪੜਤਾਲ 29 ਜਨਵਰੀ ਨੂੰ ਕੀਤੀ ਹੋਵੇਗੀ ਅਤੇ 31 ਜਨਵਰੀ ਨੂੰ ਨਾਮਜ਼ਦਗੀ ਵਾਪਸ ਲਈ ਜਾ ਸਕਦੀ ਹੈ। ਵੋਟਾਂ 14 ਫਰਵਰੀ ਨੂੰ ਪੈਣਗੀਆਂ ਅਤੇ ਗਿਣਤੀ 10 ਮਾਰਚ ਨੂੰ ਹੋਵੇਗੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!