ਪੁਲਿਸ ’ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਮੁਫ਼ਤ ਵਿਸ਼ੇਸ਼ ਸਿਖਲਾਈ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ
ਜਲੰਧਰ (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੁਲਿਸ ਵਿਭਾਗ ਵਿੱਚ ਜਲਦ ਕੀਤੀ ਜਾ ਰਹੀ ਭਰਤੀ ਲਈ ਸਿਖਲਾਈ ਦੇ ਚਾਹਵਾਨ ਉਮੀਦਵਾਰਾਂ ਨੂੰ ਮੁਫ਼ਤ ਸਿਖਲਾਈ ਪ੍ਰਦਾਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁਲਿਸ ਵਿਭਾਗ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸੇ ਦੇ ਮਦੇਨਜ਼ਰ ਅਤੇ ਮੌਜੂਦਾ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਪੁਲਿਸ ਵਿਭਾਗ ਨੂੰ ਪੁਲਿਸ ਵਿੱਚ ਭਰਤੀ ਹੋਣ ਦੇ ਚਾਹਵਾਨ ਉਮੀਦਵਾਰਾਂ ਦੀ ਸਿਖਲਾਈ ਲਈ ਸਕੂਲਾਂ ਦੀਆਂ 2 ਗਰਾਊਂਡਾਂ ਜ਼ਿਨਾਂ ਵਿੱਚ ਦੋਆਬਾ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ ਜਲੰਧਰ ‘ਤੇ ਸਟੇਟ ਸਕੂਲ ਆਫ਼ ਸਪੋਰਟਸ ਕਪੂਰਥਲਾ ਰੋਡ ਜਲੰਧਰ ਦੀ ਗਰਾਊਂਡ ਸ਼ਾਮਿਲ ਹੈ। ਗਰਾਊਂਡਾਂ ਮੁਹੱਈਆ ਕਰਵਾਉਣ ਤੋਂ ਇਲਾਵਾ ਸਿਖਲਾਈ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਲੋੜੀਂਦਾ ਸਟਾਫ਼ ਤਾਇਨਾਤ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੋਆਬਾ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਦੀ ਗਰਾਊਂਡ ਵਿਖੇ ਰਘਵਿੰਦਰ ਭਾਟੀਆ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ, ਰਾਜ ਕੁਮਾਰ ਪੀਟੀਆਈ, ਰੋਬਿਨ ਪੀਟੀਆਈ, ਕੰਵਲਜੀਤ ਸਿੰਘ ਡੀਪੀਈ, ਸੰਧਿਆ ਯਾਦਵ ਪੀਟੀਆਈ, ਬਲਵਿੰਕਰ ਕੌਰ ਡੀਪੀਈ, ਮਨਪ੍ਰੀਤ ਸਿੰਘ ਡੀਪੀਈ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਸਟੇਟ ਸਕੂਲ ਆਫ਼ ਸਪੋਰਟਸ ਕਪੂਰਥਲਾ ਰੋਡ ਜਲੰਧਰ ਦੀ ਗਰਾਊਂਡ ਵਿਖੇ ਪੁਲਿਸ ਦੀ ਭਰਤੀ ਲਈ ਸਿਖਲਾਈ ਲੈਣ ਦੇ ਚਾਹਵਾਨ ਉਮੀਦਵਾਰਾਂ ਦੀ ਸਿਖਲਾਈ ਲਈ ਪੁਲਿਸ ਵਿਭਾਗ ਨਾਲ ਮਨਜੀਤ ਸਿੰਘ ਲੈਕਚਰਾਰ ਫਿਜੀਕਲ ਐਜੂਕੇਸ਼ਨ, ਸੁਲਿੰਦਰ ਸਿੰਘ ਡੀਪੀਈ, ਨਿਰਮਲ ਸਿੰਘ ਪੀਟੀਆਈ, ਮੋਹਿਤ ਸ਼ਰਮਾ ਡੀਪੀਈ, ਵਿਸ਼ਵ ਕੁਮਾਰ ਡੀਪੀਈ, ਜੋਤੀ ਪੀਟੀਆਈ ਅਤੇ ਨਿਸ਼ਾ ਬਾਲਾ ਡੀਪੀਈ ਦੀ ਡਿਊਟੀ ਲਗਾਈ ਲਗਾਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੌਜਵਾਨਾਂ ਨੂੰ ਸਹੀ ਮਾਰਗ ਦਰਸ਼ਨ ਦੇਣ ਲਈ ਸਥਾਨਕ ਪੁਲਿਸ ਦੇ ਟਰੇਨਰ ਵੀ ਸ਼ਾਮਿਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮੁਫ਼ਤ ਸਿਖਲਾਈ ਮੁਹਿੰਮ ਦਾ ਇਕੋ-ਇਕ ਉਦੇਸ਼ ਉਚਿਤ ਸਿਖਲਾਈ ਦੇ ਜਰੀਏ ਚਾਹਵਾਨ ਨੌਜਵਾਨਾ ਨੂੰ ਉਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਭਰਤੀ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਦੇ ਸਮਰੱਥ ਬਣਾਉਣਾ ਹੈ। ਉਨ੍ਹਾਂ ਪੁਲਿਸ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਮੁਫ਼ਤ ਸਿਖਲਾਈ ਪ੍ਰੋਗਰਾਮ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਦੇਸ਼ ਅਤੇ ਸੂਬੇ ਦੀ ਸੇਵਾ ਲਈ ਅੱਗੇ ਆਉਣ।



