JalandharPunjab

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਘਰ-ਘਰ ਰੋਜ਼ਗਾਰ’ ਮਿਸ਼ਨ ਤਹਿਤ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਦਿੱਤੀ ਜਾਵੇਗੀ ਮੁਫ਼ਤ ਆਨਲਾਈਨ ਕੋਚਿੰਗ—ਡਿਪਟੀ ਕਮਿਸ਼ਨਰ

ਪੁਲਿਸ ‘ਤੇ ਕਲੈਰੀਕਲ ਇਮਤਿਹਾਨਾਂ ਲਈ ਪਹਿਲਾ ਬੈਚ ਸਤੰਬਰ ਦੇ ਪਹਿਲੇ ਹਫ਼ਤੇ ਤੋਂ ਹੋਵੇਗਾ ਸ਼ੁਰੂ, ਚਾਹਵਾਨ ਉਮੀਦਵਾਰ ਵੈਬਸਾਈਟ WWW.EDUZPHERE.COM/FREEGOVTEXAMS ’ਤੇ ਕਰ ਸਕਦੇ ਹਨ ਅਪਲਾਈ
ਜਲੰਧਰ (ਅਮਰਜੀਤ ਸਿੰਘ ਲਵਲਾ)
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ’ ਮਿਸ਼ਨ ਤਹਿਤ ਬੇਰੋਜ਼ਗਾਰ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਆਨਲਾਈਨ ਕੋਚਿੰਗ ਮੁਹੱਈਆ ਕਰਵਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਐਸਐਸਸੀ, ਬੈਂਕ, ਪੀਓ, ਕਲੈਰੀਕਲ, ਆਰਆਰਬੀ, ਸੀਈਟੀ, ਪੀਪੀਐਸਸੀ, ਪੀਐਸਐਸਐਸਬੀ ‘ਤੇ ਹੋਰਨਾਂ ਵਿਭਾਗੀ ਪ੍ਰੀਖਿਆਵਾਂ ਲਈ ਆਉਣ ਵਾਲੇ ਦਿਨਾਂ ਵਿੱਚ ਇਕ ਲੱਖ ਨੌਜਵਾਨਾਂ ਨੂੰ ਮੁਫ਼ਤ ਆਨਲਾਈਨ ਕੋਚਿੰਗ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕਾਂਸਟੇਬਲ ‘ਤੇ ਕਲੈਰੀਕਲ ਅਸਾਮੀਆਂ ਲਈ ਮੁਫ਼ਤ ਆਨਲਾਈਨ ਕੋਚਿੰਗ ਦਾ ਪਹਿਲਾ ਬੈਚ ਸਤੰਬਰ 2021 ਦੇ ਪਹਿਲੇ ਹਫ਼ਤੇ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕਲੈਰੀਕਲ ਬੈਚ ਲਈ ਖੁਦ ਨੂੰ ਰਜਿਸਟਸਰ ਕਰਨ ਵਾਲੇ ਉਮੀਦਵਾਰਾਂ ਨੇ ਗ੍ਰੈਜੂਏਸ਼ਨ ਮੁਕੰਮਲ ਕਰ ਲਈ ਹੋਵੇ ਅਤੇ ਜਦਕਿ 12ਵੀਂ ਪਾਸ ਉਮੀਦਵਾਰ ਪੁਲਿਸ ਕਾਂਸਟੇਬਲ ਅਪਲਾਈ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਚਾਹਵਾਨ ਉਮੀਦਵਾਰ ਤਿਆਰੀ ਕਲਾਸਾਂ ਦਾ ਲਾਭ ਲੈਣ ਲਈ ਵੈਬਸਾਈਟ https://www.eduzphere.com/freegovtexams ’ਤੇ ਲਾਗ ਇਨ ਕਰ ਕੇ ਇਨ੍ਹਾਂ ਕਲਾਸਾਂ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸਟਰੀਮ ਵਿੱਚ ਗ੍ਰੈਜੂਏਟ ਉਮੀਦਵਾਰ ਇਨ੍ਹਾਂ ਕਲਾਸਾਂ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅੰਡਰ ਗ੍ਰੈਜੈਏਟ ਉਮੀਦਵਾਰ ਜੇਕਰ ਕਿਸੇ ਕੇਂਦਰੀ, ਸੂਬੇ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਯੋਗ ਹਨ ਤਾਂ ਹੀ ਕਲਾਸਾਂ ਲਈ ਖੁਦ ਨੂੰ ਰਜਿਸਟਰ ਕਰ ਸਕਦੇ ਹਨ ।
ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੋਚਿੰਗ ਵੱਖ-ਵੱਖ ਵਿਸ਼ਾ ਮਾਹਿਰ ਅਧਿਆਪਕਾਂ ਵੱਲੋਂ ਮੁਹੱਈਆ ਕਰਵਾਈ ਜਾਵੇਗੀ, ਜੋ ਕਿ ਸਿਲੇਬਸ ਅਨੁਸਾਰ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿੱਚ ਤਿਆਰੀ ਕਰਵਾਉਣ ਦੇ ਸਮਰੱਥ ਹਨ। ਉਨ੍ਹਾਂ ਦੱਸਿਆ ਕਿ ਇਹ ਕੋਚਿੰਗ ਆਨਲਾਈਨ ਪਲੇਟਫਾਰਮ ਦੇ ਮਾਧਿਅਮ ਨਾਲ ਮੁਹੱਈਆ ਕਰਵਾਈ ਜਾਵੇਗੀ, ਜਿਸ ਨੂੰ ਪੂਰੇ ਸੂਬੇ ਵਿੱਚ ਲਾਈਵ ਸਟ੍ਰੀਮ ਕੀਤਾ ਜਾਵੇਗਾ ਅਤੇ ਉਮੀਦਵਾਰ ਡੈਸਕਟਾਪ, ਲੈਪਟਾਪ ਅਤੇ ਸਮਾਰਟ ਫੋਨ ਰਾਹੀਂ ਲੈਕਚਰ ਪ੍ਰਾਪਤ ਕਰ ਸਕਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਚਿੰਗ ਖ਼ਤਮ ਹੋਣ ਉਪਰੰਤ ਉਮੀਦਵਾਰ ਲਾਈਵ ਰਿਕਾਰਡਡ ਲੈਕਚਰ ਇਕ ਸਾਲ ਅੱਠ ਮਹੀਨੇ ਤੱਕ ਅਭਿਆਸ ਲਈ ਦੇਖ ਸਕਣਗੇ। ਉਨ੍ਹਾਂ ਦੱਸਿਆ ਕਿ ਇਹ ਦੋ ਪੱਖੀ ਅਦਾਨ-ਪ੍ਰਦਾਨ ਹੋਵੇਗਾ, ਜਿਥੇ ਵਿਦਿਆਰਥੀ ਚੈਟ ਵਿੰਡੋ ਰਾਹੀਂ ਲਾਈਵ ਲੈਕਚਰ ਦੌਰਾਨ ਆਪਣੇ ਸਵਾਲ ਪੁੱਛ ਸਕਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਮੀਦਵਾਰਾਂ ਨੂੰ ਨਿਯਮਤ ਅਭਿਆਸ ਅਤੇ ਮੌਕ ਟੈਸਟਾਂ ਉਪਰੰਤ ਕੰਟੈਂਟ, ਵੀਡੀਓਜ਼, ਨੋਟਸ ਅਤੇ ਹੋਰ ਸਿੱਖਿਆ ਸਮੱਗਰੀ ਵੀ ਮੁਹੱਈਆ ਕਰਵਾਈ ਜਾਵੇਗੀ।
ਵਧੇਰੇ ਜਾਣਕਾਰੀ ਦਿੰਦਿਆਂ ਸ਼੍ਰੀ ਥੋਰੀ ਨੇ ਦੱਸਿਆ ਕਿ ਇਕ ਬੈਚ ਦੀ ਮਿਆਦ ਘੱਟੋ-ਘੱਟ ਚਾਰ ਮਹੀਨੇ ਦੀ ਹੋਵੇਗੀ ਅਤੇ ਕੋਚਿੰਗ ਹਫ਼ਤੇ ਦੇ 6 ਦਿਨ 1.30 ਘੰਟੇ ਦੇ 2 ਸੈਸ਼ਨਾਂ ਵਿੱਚ ਆਯੋਜਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਮੀਦਵਾਰਾਂ ਦੇ ਸ਼ੰਕੇ ਦੂਰ ਕਰਨ ਅਤੇ ਮਾਹਿਰਾਂ ਤੋਂ ਅਗਵਾਈ ਲਈ ਹਫ਼ਤਾਵਾਰੀ ਲਾਈਵ ਸੈਸ਼ਨ ਵੀ ਹੋਵੇਗਾ।
ਘਨਸ਼ਿਆਮ ਥੋਰੀ ਨੇ ਕਿਹਾ ਕਿ ਇਸ ਨਿਵੇਕਲੀ ਪਹਿਲ ਦਾ ਮੁੱਖ ਮੰਤਵ ਸਾਡੇ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਬਿਹਤਰ ਢੰਗ ਨਾਲ ਤਿਆਰ ਕਰਨਾ ਹੈ ਤਾਂ ਜੋ ਉਹ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਸਤੇ ਖੁੱਲ੍ਹਣਗੇ ਅਤੇ ਉਨ੍ਹਾਂ ਦੀ ਰੋਜ਼ਗਾਰ ਸਮਰੱਥਾ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਜ਼ਿਲ੍ਹੇ ਦੇ ਯੋਗ ਨੌਜਵਾਨਾਂ ਨੂੰ ਵੱਖ-ਵੱਖ ਵਿਸ਼ਾ ਮਾਹਿਰਾਂ ਪਾਸੋਂ ਅਗਵਾਈ ਹਾਸਿਲ ਕਰਨ ਲਈ ਇਨ੍ਹਾਂ ਮੁਫ਼ਤ ਆਨ ਲਾਈਨ ਕੋਚਿੰਗ ਕਲਾਸਾਂ ਲਈ ਵੱਧ ਤੋਂ ਵੱਧ ਰਜਿਸਟਰੇਸ਼ਨ ਕਰਵਾਉਣ ਦੀ ਅਪੀਲ ਕੀਤੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!