
*ਕਿਹਾ ਇਸ ਉਮਰ ਵਰਗ ਦੇ ਕਰੀਬ 39 ਹਜ਼ਾਰ ਲਾਭਪਾਤਰੀਆਂ ਨੂੰ ਲਗਾਈ ਜਾ ਚੁੱਕੀ ਵੈਕਸੀਨ*
ਜਲੰਧਰ *ਗਲੋਬਲ ਆਜਤੱਕ*(ਅਮਰਜੀਤ ਸਿੰਘ ਲਵਲਾ)
ਜ਼ਿਲ੍ਹੇ ਵਿੱਚ 12 ਤੋਂ 14 ਸਾਲ ਉਮਰ ਵਰਗ ਦੇ ਲਾਭਪਾਤਰੀਆਂ ਦੇ ਸੌ ਫੀਸਦੀ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਆਸ਼ਿਕਾ ਜੈਨ ਨੇ ਅਧਿਕਾਰੀਆਂ ਨੂੰ ਟੀਕਾਕਰਨ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਇਸ ਉਮਰ ਵਰਗ ਦੇ ਸਮੁੱਚੇ ਲਾਭਪਾਤਰੀਆਂ ਨੂੰ ਜਲਦੀ ਤੋਂ ਜਲਦੀ ਵੈਕਸੀਨੇਸ਼ਨ ਤਹਿਤ ਕਵਰ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾ ਸਕੇ।
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਸਡੀਐਮਜ਼ ‘ਤੇ ਨੋਡਲ ਅਫ਼ਸਰਾਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ, ਜਿਨ੍ਹਾਂ ਨਾਲ ਸਹਾਇਕ ਕਮਿਸ਼ਨਰ (ਯੂਟੀ) ਓਜਸਵੀ ਅਲੰਕਾਰ ਵੀ ਮੌਜੂਦ ਸਨ, ਨੇ ਦੱਸਿਆ ਕਿ ਹੁਣ ਤੱਕ 12 ਤੋਂ 14 ਸਾਲ ਉਮਰ ਵਰਗ ਦੇ 38960 ਲਾਭਪਾਤਰੀਆਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਪ੍ਰਦਾਨ ਕੀਤੀ ਜਾ ਚੁੱਕੀ ਹੈ। ਉਨ੍ਹਾਂ ਸਮੂਹ ਐਸਡੀਐਮਜ਼ ਨੂੰ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਪੈਂਦੇ ਸਕੂਲਾਂ ਵਿੱਚ ਸਬੰਧਤ ਨੋਡਲ ਅਫ਼ਸਰਾਂ ਅਤੇ ਸਿਹਤ ਟੀਮਾਂ ਦੇ ਸਹਿਯੋਗ ਨਾਲ ਟੀਕਾਕਰਨ ਦੀ ਸਹੂਲਤ ਪ੍ਰਦਾਨ ਕਰਨ ਲਈ ਕਿਹਾ ਤਾਂ ਜੋ ਇਸ ਉਮਰ ਵਰਗ ਦੇ ਸੌ ਫੀਸਦੀ ਟੀਕਾਕਰਨ ਦੇ ਟੀਚੇ ਨੂੰ ਜਲਦੀ ਤੋਂ ਜਲਦੀ ਪ੍ਰਾਪਤ ਕੀਤਾ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ ਨੇ ਨੋਡਲ ਅਫ਼ਸਰਾਂ ਨੂੰ ਕਿਹਾ ਕਿ ਬੱਚਿਆਂ ਨੂੰ ਵਾਇਰਸ ਦੇ ਪ੍ਰਭਾਵ ਤੋਂ ਬਚਾਉਣ ਲਈ ਉਨ੍ਹਾਂ ਦਾ ਟੀਕਾਕਰਨ ਕਰਵਾਉਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ।
ਇਸ ਦੌਰਾਨ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਇਸ ਉਮਰ ਵਰਗ ਦੇ ਲਾਭਪਾਤਰੀਆਂ ਨੂੰ ਕੋਰਬੇਵੈਕਸ ਵੈਕਸੀਨ ਲਗਾਈ ਜਾ ਰਹੀ ਹੈ, ਜਿਸ ਦਾ ਕੋਈ ਮਾੜਾ ਪ੍ਰਭਾਵ ਦੇਖਣ ਵਿੱਚ ਨਹੀਂ ਆਇਆ। ਉਨ੍ਹਾਂ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਵੈਕਸੀਨ ਲਗਵਾਉਣ ਲਈ ਅੱਗੇ ਆਉਣ ਲਈ ਕਿਹਾ ਤਾਂ ਜੋ ਉਨ੍ਹਾਂ ਨੂੰ ਵਾਇਰਸ ਦੇ ਪ੍ਰਭਾਵ ਤੋਂ ਸੁਰੱਖਿਅਤ ਕੀਤਾ ਜਾ ਸਕੇ।



