JalandharPunjab

ਜ਼ਿਲ੍ਹੇ ’ਚ ਚੋਣਾਂ ਲੜਨ ਵਾਲੇ ਸਮੂਹ ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦਾ ਸ਼ੈਡੋ ਖਰਚਾ ਰਜਿਸਟਰਾਂ ਨਾਲ ਅੰਤਿਮ ਮਿਲਾਨ

*ਵਧੀਕ ਡਿਪਟੀ ਕਮਿਸ਼ਨਰ ਵੱਲੋਂ ਉਮੀਦਵਾਰਾਂ ਨੂੰ ਆਪਣੇ ਚੋਣ ਖਰਚੇ ਦਾ ਮੁਕੰਮਲ ‘ਤੇ ਸਹੀ ਲੇਖਾ-ਜੋਖਾ ਨਿਰਧਾਰਿਤ ਮਿਤੀ ਤੱਕ ਜ਼ਿਲ੍ਹਾ ਚੋਣ ਅਫ਼ਸਰ ਪਾਸ ਜਮ੍ਹਾ ਕਰਾਉਣ ਦੀ ਅਪੀਲ*
ਜਲੰਧਰ *ਗਲੋਬਲ ਆਜਤੱਕ*(ਅਮਰਜੀਤ ਸਿੰਘ ਲਵਲਾ)
ਵਿਧਾਨ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਵੱਲੋਂ ਚੋਣਾਂ ਵਿੱਚ ਖਰਚ ਕੀਤੇ ਗਏ ਇਕ-ਇਕ ਪੈਸੇ ਦੇ ਹਿਸਾਬ-ਕਿਤਾਬ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਤਹਿਤ ਸੋਮਵਾਰ ਨੂੰ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿੱਚ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦਾ ਖਰਚਾ ਟੀਮਾਂ ਵੱਲੋਂ ਮੈਨਟੇਨ ਕੀਤੇ ਗਏ ਸ਼ੈਡੋ ਰਜਿਸਟਰਾਂ ਨਾਲ ਅੰਤਿਮ ਮਿਲਾਨ ਕੀਤਾ ਗਿਆ।

ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਜੀਤ ਬੈਂਸ ਦੀ ਮੌਜੂਦਗੀ ਵਿੱਚ ਅਕਾਊਂਟ ਰੀਕਨਸਾਈਲੇਸ਼ਨ ਮੀਟਿੰਗ ਦੀ ਖਰਚਾ ਨਿਗਰਾਨਾਂ ਸੀਨੀਅਰ ਆਈਆਰਐਸ ਅਧਿਕਾਰੀਆਂ ਪ੍ਰਦੀਪ ਕੁਮਾਰ ਮੀਲ, ਅਯਾਜ਼ ਅਹਿਮਦ ਕੋਹਲੀ ਅਤੇ ਸਤਿਆਪਾਲ ਸਿੰਘ ਮੀਨਾ ਨੇ ਵਰਚੁਅਲ ਢੰਗ ਨਾਲ ਪ੍ਰਧਾਨਗੀ ਕਰਦਿਆਂ ਉਮੀਦਵਾਰਾਂ ਅਤੇ ਉਨ੍ਹਾਂ ਦੇ ਪ੍ਰਤੀਨਿਧੀਆਂ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਉਨ੍ਹਾਂ ਵੱਲੋਂ ਸਮੁੱਚੇ ਚੋਣ ਖਰਚੇ ਦਾ ਮੁਕੰਮਲ ਅਤੇ ਸਹੀ ਢੰਗ ਨਾਲ ਜ਼ਿਕਰ ਅਤੇ ਹਿਸਾਬ ਕੀਤਾ ਗਿਆ ਹੈ।

ਮੀਟਿੰਗ ਦੌਰਾਨ ਖਰਚਾ ਨਿਗਰਾਨਾਂ ਦੀ ਅਗਵਾਈ ਵਾਲੀਆਂ ਖਰਚਾ ਨਿਗਰਾਨ ਟੀਮਾਂ ਵੱਲੋਂ ਹਲਕਾਵਾਰ ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦੀ ਤੁਲਨਾ ਖਰਚਾ ਟੀਮਾਂ ਵੱਲੋਂ ਮੇਨਟੇਨ ਕੀਤੇ ਸ਼ੈਡੋ ਅਬਜ਼ਰਵੇਸ਼ਨ ਰਜਿਸਟਰਾਂ ਨਾਲ ਕੀਤੀ ਗਈ। ਇਸ ਦੌਰਾਨ ਸਮੁੱਚੇ 9 ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦੀ ਜਾਂਚ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰਚੇ ਦੀ ਨਿਗਰਾਨੀ ਵਿੱਚ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਭਰਨ ਦੀ ਮਿਤੀ ਤੋਂ ਲੈ ਕੇ ਵੋਟਾਂ ਦੀ ਗਿਣਤੀ ਵਾਲੇ ਦਿਨ ਤੱਕ ਕੀਤਾ ਗਿਆ ਚੋਣ ਖਰਚ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਮੁੱਚੇ 9 ਵਿਧਾਨ ਸਭਾ ਹਲਕਿਆਂ ਵਿੱਚ 20 ਫਰਵਰੀ ਨੂੰ ਵੋਟਾਂ ਪੈਣ ਤੋਂ ਬਾਅਦ 10 ਮਾਰਚ ਨੂੰ ਨਤੀਜਿਆਂ ਦਾ ਐਲਾਨ ਕੀਤਾ ਗਿਆ ਸੀ। ਉਮੀਦਾਵਾਰਾਂ ਨੂੰ ਨਾਮਜ਼ਦਗੀਆਂ ਦਾਖ਼ਲ ਕਰਨ ਸਮੇਂ ਚੋਣ ਖਰਚੇ ਦਾ ਲੇਖਾ-ਜੋਖਾ ਰੱਖਣ ਲਈ ਨਿਰਧਾਰਤ ਰਜਿਸਟਰ ਜਾਰੀ ਕਰਨ ਤੋਂ ਇਲਾਵਾ ਲੋੜੀਂਦੀ ਜਾਣਕਾਰੀ, ਟ੍ਰੇਨਿੰਗ ਵੀ ਪ੍ਰਦਾਨ ਕੀਤੀ ਗਈ ਸੀ।
ਉਨ੍ਹਾਂ ਇਹ ਵੀ ਦੱਸਿਆ ਕਿ ਸਾਰੇ ਉਮੀਦਵਾਰ ਉਕਤ ਖਰਚਾ ਰਜਿਸਟਰ ਵਿੱਚ ਆਪੋ-ਆਪਣੇ ਚੋਣ ਖਰਚੇ ਦਾ ਪੂਰਾ ‘ਤੇ ਸਹੀ ਹਿਸਾਬ-ਕਿਤਾਬ ਸਮੇਤ ਲੋੜੀਂਦੇ ਦਸਤਾਵੇਜ਼ ਚੋਣ ਨਤੀਜੇ ਦੇ ਐਲਾਨ ਤੋਂ 30 ਦਿਨਾਂ ਦੇ ਅੰਦਰ-ਅੰਦਰ ਜ਼ਿਲ੍ਹਾ ਚੋਣ ਅਫ਼ਸਰ ਪਾਸ ਜਮ੍ਹਾ ਕਰਵਾਉਣ ਲਈ ਪਾਬੰਦ ਹਨ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਭਾਰਤ ਚੋਣ ਕਮਿਸ਼ਨ ਵੱਲੋਂ ਸਬੰਧਤ ਉਮੀਦਵਾਰ ਨੂੰ ਚੋਣਾਂ ਲੜਨ ਤੋਂ ਅਯੋਗ ਕਰਾਰ ਦੇ ਦਿੱਤਾ ਜਾਵੇਗਾ। ਉਨ੍ਹਾਂ ਸਮੂਹ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਪਣੇ ਚੋਣ ਖਰਚੇ ਦਾ ਮੁਕੰਮਲ ਤੇ ਦਰੁੱਸਤ ਲੇਖਾ-ਜੋਖਾ ਤੈਅ ਮਿਤੀ ਤੱਕ ਨਿਯਮਾਂ ਅਨੁਸਾਰ ਜਮ੍ਹਾ ਕਰਾਉਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਚੋਣ ਕਾਨੂੰਨਗੋ ਰਾਕੇਸ਼ ਕੁਮਾਰ, ਸਹਾਇਕ ਖਰਚਾ ਨਿਗਰਾਨ, ਖਰਚਾ ਟੀਮਾਂ ਦੇ ਮੈਂਬਰ ਆਦਿ ਮੌਜੂਦ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!