
ਸੁਪਰਵਾਈਜ਼ਰ ‘ਤੇ ਬੀਐਲਓਜ਼ 6, 7, 20 ਅਤੇ 21 ਨਵੰਬਰ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਪੋਲਿੰਗ ਬੂਥਾਂ ’ਤੇ ਬੈਠਣਗੇ
ਜਲੰਧਰ (ਅਮਰਜੀਤ ਸਿੰਘ ਲਵਲਾ)
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਯੋਗਤਾ ਮਿਤੀ 01.01.2022 ਦੇ ਆਧਾਰ ‘ਤੇ ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸਮਰੀ ਰਵੀਜ਼ਨ ਦੇ ਪ੍ਰੋਗਰਾਮ ਅਨੁਸਾਰ ਨਿਸ਼ਚਿਤ ਮਿਤੀਆਂ ‘ਤੇ ਬੂਥ ਲੈਵਲ ਅਫ਼ਸਰਾਂ ਬੀਐਲਓਜ਼ ਵੱਲੋਂ ਪੁਲਿੰਗ ਬੂਥਾਂ ’ਤੇ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ।
ਘਨਸ਼ਿਆਮ ਥੋਰੀ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਵਿੱਚ ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸਮਰੀ ਰਵੀਜ਼ਨ ਦੇ ਪ੍ਰੋਗਰਾਮ ਅਨੁਸਾਰ 06.11.2021 ਦਿਨ ਸ਼ਨੀਵਾਰ ਅਤੇ 07.11.2021 ਦਿਨ ਐਤਵਾਰ ਅਤੇ ਇਸ ਉਪਰੰਤ 20.11.2021 ਦਿਨ ਸ਼ਨੀਵਾਰ ਤੇ 21.11.2021ਦਿਨ ਐਤਵਾਰ ਨੂੰ ਸਬੰਧਿਤ ਬੂਥ ਲੈਵਲ ਅਫ਼ਸਰਾਂ ਵੱਲੋਂ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਯੋਗ ਵੋਟਰਾਂ ਪਾਸੋਂ ਵੋਟ ਬਣਾਉਣ, ਵੋਟ ਵਿੱਚ ਦਰੁੱਸਤੀ ਅਤੇ ਵੋਟਰ ਸੂਚੀ ਵਿੱਚ ਹੋਰ ਤਰੁੱਟੀਆਂ ਨੂੰ ਦੂਰ ਕਰਨ ਸਬੰਧੀ ਮੌਕੇ ’ਤੇ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਸਮੂਹ ਵਿਧਾਨ ਸਭਾ ਹਲਕਿਆਂ ਦੇ ਸਮੂਹ ਸੁਪਰਵਾਈਜ਼ਰਾਂ ਅਤੇ ਬੀਐਲਓਜ਼ ਨੂੰ ਇਨ੍ਹਾਂ ਨਿਸ਼ਚਿਤ ਮਿਤੀਆਂ ਦੌਰਾਨ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਪੋਲਿੰਗ ਬੂਥਾਂ ’ਤੇ ਬੈਠਣਾ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ।
ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਅਤੇ ਕੋਈ ਵੀ ਯੋਗ ਵਿਅਕਤੀ ਆਪਣੀ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ।



