
ਚੋਣਾਂ ਦੌਰਾਨ ਕਿਸੇ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ— ਘਨਸ਼ਿਆਮ ਥੋਰੀ
ਜਲੰਧਰ (ਅਮਰਜੀਤ ਸਿੰਘ ਲਵਲਾ)
ਵਿਧਾਨ ਸਭਾ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਦੇ ਮੱਦੇਨਜ਼ਰ ਲਾਇਸੰਸੀ ਅਸਲਾ ਜਮ੍ਹਾ ਕਰਵਾਉਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਹੁਣ ਤੱਕ ਕੁੱਲ 92.90 ਫੀਸਦੀ ਲਾਇੰਸਸੀ ਹਥਿਆਰ ਜਮ੍ਹਾ ਕਰਵਾਏ ਜਾ ਚੁੱਕੇ ਹਨ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 16382 ਲਾਇਸੰਸੀ ਹਥਿਆਰ ਹਨ, ਜਿਨ੍ਹਾਂ ਵਿੱਚੋਂ 15219 ਲਾਇਸੰਸੀ ਹਥਿਆਰ ਜਮ੍ਹਾ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਕਮਿਸ਼ਨਰੇਟ ਜਲੰਧਰ ਵੱਲੋਂ ਕੁੱਲ 7909 ਲਾਇਸੰਸੀ ਹਥਿਆਰਾਂ ਵਿੱਚੋਂ 7274 (91.97 ਫੀਸਦੀ) ਅਤੇ ਐਸਐਸਪੀ ਦਿਹਾਤੀ ਵੱਲੋਂ ਕੁੱਲ 8473 ਲਾਇਸੰਸੀ ਹਥਿਆਰਾਂ ਵਿੱਚੋਂ 7945 (93.77 ਫੀਸਦੀ) ਲਾਇਸੰਸੀ ਹਥਿਆਰ ਜਮ੍ਹਾ ਕਰਵਾਏ ਜਾ ਚੁੱਕੇ ਹਨ।
ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿੱਚ ਅਮਨ-ਅਮਾਨ ਨਾਲ ਚੋਣਾਂ ਕਰਵਾਉਣ ਦੀ ਵਚਨਬੱਧਤਾ ਦਹੁਰਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਕਿਸੇ ਨੂੰ ਵੀ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਵੱਲੋਂ ਸਾਰੇ ਲਾਇਸੰਸਧਾਰਕਾਂ ਦੇ ਕੇਸਾਂ ਦੀ ਜਾਂਚ ਲਈ ਜ਼ਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਦਾ ਪੁਨਰਗਠਨ ਵੀ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਜ਼ਮਾਨਤ ‘ਤੇ ਰਿਹਾਅ ਹੋਏ ਵਿਅਕਤੀਆਂ ਦੇ ਅਸਲਾ ਲਾਇਸੰਸ, ਅਪਰਾਧਿਕ ਇਤਿਹਾਸ ਰੱਖਣ ਵਾਲੇ ਵਿਅਕਤੀਆਂ ਦੇ ਅਸਲਾ ਲਾਇਸੰਸ ਅਤੇ ਪਹਿਲਾਂ ਕਿਸੇ ਵੀ ਸਮੇਂ, ਖਾਸ ਕਰ ਚੋਣ ਸਮੇਂ ਦੌਰਾਨ ਦੰਗਿਆਂ ਵਿੱਚ ਸ਼ਾਮਲ ਵਿਅਕਤੀਆਂ ਦੇ ਅਸਲਾ ਲਾਇਸੰਸ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਸਕਰੀਨਿੰਗ ਕਮੇਟੀ ਪਾਸੋਂ ਰਿਪੋਰਟ ਪ੍ਰਾਪਤ ਹੋਣ ‘ਤੇ ਲਾਇਸੈਂਸਿੰਗ ਅਥਾਰਟੀ ਵੱਲੋਂ ਉਮੀਦਵਾਰੀ ਵਾਪਸ ਲੈਣ ਲਈ ਨਿਰਧਾਰਤ ਆਖਰੀ ਮਿਤੀ ਤੋਂ ਪਹਿਲਾਂ ਵਿਅਕਤੀਗਤ ਲਾਇਸੰਸਧਾਰਕ ਨੂੰ ਆਪਣੇ ਹਥਿਆਰ ਜਮ੍ਹਾ ਕਰਵਾਉਣ ਲਈ ਨੋਟਿਸ ਜਾਰੀ ਕੀਤਾ ਜਾਵੇਗਾ। ਹਥਿਆਰ ਜਮ੍ਹਾ ਨਾ ਕਰਵਾਉਣ ‘ਤੇ ਆਈਪੀਸੀ ਦੀ ਧਾਰਾ 188 ਤਹਿਤ ਮੁਕੱਦਮਾ ਚਲਾਇਆ ਜਾਵੇਗਾ। ਲਾਇਸੰਸਧਾਰਕ ਨੂੰ ਤੁਰੰਤ ਹਥਿਆਰ ਜਮ੍ਹਾ ਕਰਵਾਉਣਾ ਹੋਵੇਗਾ, ਜਿਸ ਲਈ ਉਸ ਨੂੰ ਅਸਲਾ ਜਮ੍ਹਾ ਕਰਵਾਉਣ ਦੀ ਉਚਿਤ ਰਸੀਦ ਦਿੱਤੀ ਜਾਵੇਗੀ।



