
ਕੋਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਵੈਕਸੀਨ ਹੀ ਸਭ ਤੋਂ ਕਾਰਗਰ ਹਥਿਆਰ—ਡਾ. ਰਣਜੀਤ ਸਿੰਘ ਘੋਤੜਾ
ਜਲੰਧਰ (ਅਮਰਜੀਤ ਸਿੰਘ ਲਵਲਾ)
ਕੋਵਿਡ ਮਹਾਂਮਾਰੀ ਦੇ ਚਲਦਿਆਂ ਜਿੱਥੇ ਕੋਰੋਨਾ ਦੀ ਤੀਜੀ ਲਹਿਰ ਓਮੀਕ੍ਰੋਨ ਦਾ ਫੈਲਾਅ ਭਾਰਤ ਵਿੱਚ ਤੇਜੀ ਨਾਲ ਵੱਧਦਾ ਜਾ ਰਿਹਾ ਹੈ, ਇਸਦੇ ਮੱਦੇਨਜਰ ਸਿਹਤ ਵਿਭਾਗ ਵਲੋਂ ਵੱਧ ਤੋਂ ਵੱਧ ਲੋਕਾਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਵੈਕਸੀਨੇਸ਼ਨ ਦੇ ਦਾਇਰੇ ਦਾ ਵਿਸਥਾਰ ਕੀਤਾ ਗਿਆ ਹੈ। ਜਿਸਦੇ ਤਹਿਤ 15 ਤੋਂ 18 ਸਾਲ ਦੇ ਬੱਚਿਆਂ ਦੇ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ ਹੈ। ਈਐਸਆਈ ਹਸਪਤਾਲ ਜਲੰਧਰ ਵਿਖੇ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਅਤੇ ਮੈਡੀਕਲ ਸੁਪਰੀਡੈਂਟ ਈਐਸਆਈ ਡਾ. ਸੁਧਾ ਸ਼ਰਮਾ ਵਲੋਂ ਸੋਮਵਾਰ ਨੂੰ 15 ਤੋਂ 18 ਸਾਲ ਦੇ ਬੱਚਿਆਂ ਦੀ ਵੈਕਸੀਨੇਸ਼ਨ ਦੀ ਰਸਮੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਸਹਾਇਕ ਸਿਵਲ ਸਰਜਨ ਵਰਿੰਦਰ ਕੋਰ ਥਿੰਦ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਕੁਮਾਰ ਚੋਪੜਾ, ਐਸਐਮਓ ਡਾ. ਵੰਦਨਾ ਧੀਰ, ਐਸਐਮਓ ਡਾ. ਹਰੀ ਪਾਲ ਸਿੰਘ, ਐਸਐਮਓ ਡਾ. ਹਰਦੇਵ ਸਿੰਘ, ਐਸਐਮਓ ਡਾ. ਗਗਨਦੀਪ ਸਿੰਘ, ਜਿਲ੍ਹਾ ਐਪੀਡੀਮੋਲੋਜਿਸਟ ਡਾ. ਆਦਿਤਯ ਪਾਲ ਸਿੰਘ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਕਿਰਪਾਲ ਸਿੰਘ ਝੱਲੀ, ਬੀਸੀਜੀ ਅਫ਼ਸਰ ਡਾ. ਜੋਤੀ, ਬੀਈਈ ਰਾਕੇਸ਼ ਸਿੰਘ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਮੌਜੂਦ ਸਨ।
ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਜਿਲ੍ਹੇ ਵਿੱਚ ਚਾਰ ਥਾਵਾਂ ਈਐਸਆਈ ਹਸਪਤਾਲ, ਯੂਪੀਐਚਸੀ ਗੜ੍ਹਾ, ਯੂਪੀਐਚਸੀ ਮਕਸੂਦਾਂ ਅਤੇ ਜੈਨ ਮਾਡਲ ਸਕੂਲ ਵਿਜੈ ਨਗਰ ਵਿਖੇ 15 ਤੋਂ 18 ਸਾਲ ਦੇ ਬੱਚਿਆਂ ਦੇ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿੱਚ ਸਿਰਫ ਕੋ-ਵੈਕਸੀਨ ਦਾ ਟੀਕਾ ਹੀ ਬੱਚਿਆਂ ਨੁੰ ਲਗਾਇਆ ਜਾਵੇਗਾ। ਇਸਦੀ ਪਹਿਲੀ ਡੋਜ਼ ਲੱਗਣ ਤੋਂ 28 ਦਿਨ ਬਾਅਦ ਦੂਜੀ ਡੋਜ਼ ਲੱਗੇਗੀ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ 15 ਤੋਂ 18 ਸਾਲ ਦੇ ਕੁੱਲ 837 ਬੱਚਿਆਂ ਦਾ ਟੀਕਾਕਰਨ ਕੀਤਾ ਗਿਆ।
ਡਾ. ਰਣਜੀਤ ਸਿੰਘ ਵੱਲੋਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਆਪਣੇ 15 ਤੋਂ 18 ਸਾਲ ਦੇ ਬੱਚਿਆਂ ਦਾ ਵੈਕਸੀਨੇਸ਼ਨ ਜਲਦ ਤੋਂ ਜਲਦ ਕਰਵਾਉਣ ਅਤੇ ਵੈਕਸੀਨੇਸ਼ਨ ਕਰਵਾਉਣ ਉਪਰੰਤ ਵੀ ਕੋਰੋਨਾ ਨਿਯਮਾਂ ਦੀਆਂ ਪਾਲਣਾ ਕਰਨਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਵੈਕਸੀਨ ਹੀ ਸਭ ਤੋਂ ਕਾਰਗਰ ਹਥਿਆਰ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਅਸੀਂ ਇਸ ਮਹਾਂਮਾਰੀ ਨਾਲ ਇਹ ਜੰਗ ਜਿੱਤੀ ਜਾ ਸਕਦੀ ਹੈ। ਇਸਦੇ ਨਾਲ ਹੀ ਸਿਵਲ ਸਰਜਨ ਡਾ. ਰਣਜੀਤ ਸਿੰਘ ਵਲੋਂ ਈਐਸਆਈ ਹਸਪਤਾਲ ਤੋਂ ਹਰ ਘਰ ਦਸਤਕ ਮੁਹਿੰਮ ਤਹਿਤ ਲੋਕਾਂ ਨੂੰ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਵਾਉਣ ਪ੍ਰਤੀ ਜਾਗਰੂਕ ਕਰਨ ਲਈ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।



