
ਸਬੰਧਤ ਅਧਿਕਾਰੀਆਂ ਨੂੰ ਨਿਦਰੇਸ਼ ਦੇਣ ਤੋਂ ਇਲਾਵਾ ਪੀੜਤ ਲੋਕਾਂ ਨਾਲ ਵੀ ਕੀਤੀ ਮੁਲਾਕਾਤ
ਜਲੰਧਰ (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਮਹਿਲਾਵਾਂ ਵੱਲੋਂ ਦਾਇਰ ਸ਼ਿਕਾਇਤਾਂ ਦੇ ਜਲਦੀ ਨਿਪਟਾਰੇ ਨੂੰ ਸਰਵਓਚ ਤਰਜੀਹ ਦੇ ਉਦੇਸ਼ ਨਾਲ ਅੱਜ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਸਮੁੱਚੀਆਂ ਪੈਂਡਿੰਗ ਸ਼ਿਕਾਇਤਾਂ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਚੇਅਰਪਰਸਨ ਨੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਡਿਪਟੀ ਕਮਿਸ਼ਨਰ ਪੁਲਿਸ ਜਗਮੋਹਨ ਸਿੰਘ ਅਤੇ ਜਲੰਧਰ, ਐਸਬੀਐੱਸ ਨਗਰ, ਕਪੂਰਥਲਾ ਤੇ ਹੁਸ਼ਿਆਰਪੁਰ ਸਮੇਤ ਚਾਰ ਜ਼ਿਲ੍ਹਿਆਂ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਪੈਂਡਿੰਗ ਮਾਮਲਿਆਂ ਵਿਚ ਹੋਈ ਪ੍ਰਗਤੀ ਦੀ ਸਮੀਖਿਆ ਕਰਦਿਆਂ ਮਹਿਲਾਵਾਂ ਦੀਆਂ ਅਜਿਹੀਆਂ ਪੈਂਡਿੰਗ ਸ਼ਿਕਾਇਤਾਂ ਦੇ ਹੱਲ ਲਈ ਅਧਿਕਾਰੀਆਂ ਵੱਲੋਂ ਕੀਤੇ ਯਤਨਾਂ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।
ਸ੍ਰੀਮਤੀ ਗਲਾਟੀ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਲੋੜੀਂਦੀ ਕਾਰਵਾਈ ਲਈ ਸਬੰਧਤ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੂੰ 127 ਸ਼ਿਕਾਇਤਾਂ ਭੇਜੀਆਂ ਗਈਆਂ ਹਨ, ਜਿਨ੍ਹਾਂ ਵਿੱਚ 46 ਜਲੰਧਰ ਸ਼ਹਿਰ, 9 ਜਲੰਧਰ ਦਿਹਾਤੀ, 54 ਕਪੂਰਥਲਾ, 2 ਐਸਬੀਐਸ ਨਗਰ ਅਤੇ 16 ਸ਼ਿਕਾਇਤਾਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਭੇਜੀਆਂ ਗਈਆਂ ਹਨ। ਇਸੇ ਤਰ੍ਹਾਂ ਇਨ੍ਹਾਂ 5 ਪੁਲਿਸ ਜ਼ਿਲ੍ਹਿਆਂ ਵਿਚ 1864 ਸ਼ਿਕਾਇਤਾਂ ਸਿੱਧੇ ਤੌਰ ‘ਤੇ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਜਲੰਧਰ ਸ਼ਹਿਰ ਵਿਚ 787, ਜਲੰਧਰ ਦਿਹਾਤੀ ਵਿਚ 174, ਕਪੂਰਥਲਾ ਵਿਚ 428, ਐਸਬੀਐਸ ਨਗਰ ਵਿਚ 285 ਅਤੇ ਹੁਸ਼ਿਆਰਪੁਰ ਵਿਚ 190 ਸ਼ਿਕਾਇਤਾਂ ਸ਼ਾਮਲ ਹਨ।
ਚੇਅਰਪਰਸਨ ਨੇ ਅੱਗੇ ਦੱਸਿਆ ਕਿ ਚਾਰੇ ਜ਼ਿਲ੍ਹਿਆਂ ਵੱਲੋਂ ਇਨ੍ਹਾਂ ਸ਼ਿਕਾਇਤਾਂ ਵਿਚੋਂ ਕਈਆਂ ਦਾ ਨਿਰਧਾਰਤ ਸਮੇਂ ਦੇ ਅੰਦਰ ਹੱਲ ਕਰਕੇ ਸਕਾਰਾਤਮਕ ਪ੍ਰਤੀਕਿਰਿਆ ਦਿਖਾਈ ਗਈ ਹੈ, ਹਾਲਾਂਕਿ ਇਸ ਪੈਂਡੈਂਸੀ ਨੂੰ ਸਿਫ਼ਰ ਤੱਕ ਲਿਜਾਣ ਲਈ ਵਧੇਰੇ ਕੋਸ਼ਿਸ਼ਾਂ ਦੀ ਲੋੜ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਬਾਕੀ ਰਹਿੰਦੇ ਸਾਰੇ ਕੇਸਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਹੱਲ ਕਰਨ ਲਈ ਕਿਹਾ ਤਾਂ ਜੋ ਪੀੜਤਾਂ ਨੂੰ ਸਮੇਂ ਸਿਰ ਨਿਆਂ ਮਿਲਣਾ ਯਕੀਨੀ ਬਣਾਇਆ ਜਾ ਸਕੇ।
ਉਨ੍ਹਾਂ ਮਹਿਲਾਵਾਂ ਨੂੰ ਆਪਣੇ ਨਾਲ ਕਿਸੇ ਵੀ ਕਿਸਮ ਦੀ ਬੇਇਨਸਾਫੀ ਹੋਣ ‘ਤੇ ਕਮਿਸ਼ਨ ਨਾਲ ਸਿੱਧੇ ਤੌਰ ‘ਤੇ ਸੰਪਰਕ ਕਰਨ ਦੀ ਅਪੀਲ ਕੀਤੀ ਅਤੇ ਭਰੋਸਾ ਦਿਵਾਇਆ ਕਿ ਕਮਿਸ਼ਨ ਵੱਲੋਂ ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹੋਏ ਸਿਹਤ ਸੰਕਟ ਦੌਰਾਨ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਿਕਾਇਤਾਂ ਦੇ ਵੱਧ ਤੋਂ ਵੱਧ ਨਿਪਟਾਰੇ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਮੀਟਿੰਗ ਤੋਂ ਬਾਅਦ ਕੁਝ ਪੀੜਤਾਂ ਨਾਲ ਮੁਲਾਕਾਤ ਵੀ ਕੀਤੀ ਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ ਜਦਕਿ ਸਬੰਧਤ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।



