
ਸੀਵਰੇਜ ਦੀ ਸਮੱਸਿਆ ਹੱਲ ਹੋਣ ਨਾਲ ਫੋਕਲ ਪੁਆਇੰਟ ਦੇ ਸਨਅਤਕਾਰਾਂ ਨੂੰ ਮਿਲੇਗੀ ਰਾਹਤ
ਜਲੰਧਰ (ਅਮਰਜੀਤ ਸਿੰਘ ਲਵਲਾ)
ਵਿਧਾਇਕ ਅਵਤਾਰ ਸਿੰਘ ਬਾਵਾ ਹੈਨਰੀ ਵੱਲੋਂ ਅੱਜ ਲਗਭਗ 19 ਕਰੋੜ ਦੀ ਲਾਗਤ ਵਾਲੇ ਪਹਿਲੇ ਐਸਬੀਆਰ ਤਕਨੀਕ ਆਧਾਰਿਤ ਸੀਵਰੇਜ ਟਰੀਟਮੈਂਟ ਪਲਾਂਟ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਨਿਰੀਖਣ ਕਰਨ ਲਈ ਫੋਕਲ ਪੁਆਇੰਟ ਵਿਖੇ ਪਲਾਂਟ ਵਾਲੇ ਸਥਾਨ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਕਰਨੇਸ਼ ਸ਼ਰਮਾ ਵੀ ਮੌਜੂਦ ਸਨ।
ਇਸ ਮੌਕੇ ਵਿਧਾਇਕ ਨੇ ਕਿਹਾ ਕਿ ਇਸ ਸੀਵਰੇਜ ਟਰੀਟਮੈਂਟ ਪਲਾਂਟ ਨਾਲ ਫੋਕਲ ਪੁਆਇੰਟ ਦੀ ਸੀਵਰੇਜ ਦੀ ਸਮੱਸਿਆ ਹੱਲ ਹੋ ਜਾਵੇਗੀ, ਜਿਸ ਸਦਕਾ ਇਥੋਂ ਦੇ ਸਨਅਤਕਾਰਾਂ ਨੂੰ ਕਾਫੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਸੀਵਰੇਜ ਟਰੀਟਮੈਂਟ ਪਲਾਂਟ ਇਲਾਕੇ ਨੂੰ ਸਾਫ-ਸੁਥਰਾ ਤੇ ਪ੍ਰਦੂਸ਼ਣ ਮੁਕਤ ਬਣਾਉਣ ਵਿੱਚ ਸਹਾਈ ਸਾਬਤ ਹੋਵੇਗਾ।
ਬਾਵਾ ਹੈਨਰੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੂਬੇ ਦੇ ਸਰਬਪੱਖੀ ਵਿਕਾਸ ਦੀ ਵਚਨਬੱਧਤਾ ਨੂੰ ਦਹੁਰਾਉਂਦਿਆਂ ਕਿਹਾ ਕਿ ਮੌਜੂਦਾ ਸਰਕਾਰ ਦੀਆਂ ਵਿਕਾਸ ਮੁਖੀ ਯੋਜਨਾਵਾਂ ਤਹਿਤ ਇਹ ਕੰਮ ਕਰਵਾਏ ਜਾ ਰਹੇ ਹਨ।
ਇਸ ਮੌਕੇ ਭੁਪਿੰਦਰ ਸਿੰਘ ਜੌਲੀ ਡਾਇਰੈਕਟਰ ਪੀਐਸਆਈਈਸੀ, ਰਵੀ ਸਾਨੀ ਕੌਂਸਲਰ, ਸੁਖਵਿੰਦਰ ਕਾਲੀਆ ਪ੍ਰਧਾਨ ਗਦਈਪੁਰ ਇੰਡਸਟ੍ਰੀਅਲ ਐਸੋਸੀਏਸ਼ਨ, ਰਾਜਨ ਗੁਪਤਾ ਪ੍ਰਧਾਨ ਫੋਕਲ ਪੁਆਇੰਟ ਇੰਡਸਟ੍ਰੀਅਲ ਐਸੋਸੀਏਸ਼ਨ ਅਤੇ ਪੀਐਸਆਈਈਸੀ ਤੇ ਨਗਰ ਨਿਗਮ ਦੇ ਅਧਿਕਾਰੀ ਕਰਮਚਾਰੀ ਮੌਜੂਦ ਸਨ।



