
2 ਮਹੀਨੇ ਬੰਦ ਰਹਿਣ ਤੋਂ ਬਾਅਦ ਲੋਕਾਂ ਲਈ ਮੁੜ ਖੁੱਲ੍ਹਿਆ ਨਿੱਕੂ ਪਾਰਕ–ਡਿਪਟੀ ਕਮਿਸ਼ਨਰ
ਰੋਜ਼ਾਨਾ 50 ਫੀਸਦੀ ਨਾਲ ਖੋਲ੍ਹਿਆ ਜਾਵੇਗਾ ਪਾਰਕ
ਮੈਨੇਜਮੈਂਟ ਨੂੰ ਕੋਵਿਡ-19 ਸੁਰੱਖਿਆ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼
ਜਲੰਧਰ (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਕੋਰੋਨਾ ਵਾਇਰਸ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਕਰੀਬ 2 ਮਹੀਨੇ ਬੰਦ ਰਹਿਣ ਤੋਂ ਬਾਅਦ ਨਿੱਕੂ ਪਾਰਕ ਸ਼ਨੀਵਾਰ ਸ਼ਾਮ ਤੋਂ ਲੋਕਾਂ ਲਈ ਮੁੜ ਖੁੱਲ੍ਹ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਹ ਪਾਰਕ ਆਪਣੀ ਸਮਰੱਥਾ ਦੇ 50 ਫੀਸਦੀ ਨਾਲ ਰੋਜ਼ਾਨਾ 3.30 ਵਜੇ ਤੋਂ 7.30 ਵਜੇ ਤੱਕ ਖੁੱਲ੍ਹਾ ਰਹੇਗਾ ਅਤੇ ਸ਼ਹਿਰ ਦੇ ਲੋਕ ਇਥੇ ਮੌਜੂਦ ਮਨੋਰੰਜਨ ਸਹੂਲਤਾਂ ਦਾ ਆਨੰਦ ਲੈ ਸਕਣਗੇ।
ਜ਼ਿਕਰਯੋਗ ਹੈ ਕਿ 4.5 ਏਕੜ ਵਿੱਚ ਫੈਲਿਆ ਇਹ ਪਾਰਕ ਪਿਛਲੇ ਸਾਲ 7 ਮਹੀਨਿਆਂ ਤੋਂ ਵੱਧ ਸਮੇਂ ਲਈ ਬੰਦ ਰਹਿਣ ਤੋਂ ਇਲਾਵਾ ਇਸ ਸਾਲ ਅਪ੍ਰੈਲ ਤੋਂ ਬੰਦ ਪਿਆ ਸੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ-19 ਸੁਰੱਖਿਆ ਉਪਾਵਾਂ ਦੀ ਸਖ਼ਤੀ ਨਾਲ ਪਾਲਣ ਕਰਨ ਹਿੱਤ ਪਾਰਕ ਵੱਲੋਂ ਆਪਣੀ ਕੁੱਲ ਸਮਰੱਥਾ ਦੇ 50 ਫੀਸਦੀ ਦਰਸ਼ਕਾਂ ਨੂੰ ਹੀ ਮਨੋਰੰਜਨ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਪਾਰਕ ਨੂੰ 12 ਲੱਖ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਜਾ ਚੁੱਕੀ ਹੈ, ਜੋ ਕਿ ਪਾਰਕ ਦੀ ਨੁਹਾਰ ਬਦਲਣ ਲਈ ਕਰਵਾਏ ਗਏ ਵੱਖ-ਵੱਖ ਕਾਰਜਾਂ ‘ਤੇ ਖਰਚ ਕੀਤੀ ਜਾ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਨਿੱਕੂ ਪਾਰਕ, ਜੋ ਕਿ ਸ਼ਹਿਰ ਦੇ ਕੇਂਦਰ ਵਿਚ ਸਥਿਤ ਹੈ, ਰੱਖ-ਰਖਾਅ ਦੀ ਘਾਟ ਕਾਰਨ ਖਸਤਾ ਹਾਲ ਵਿਚ ਸੀ ਕਿਉਂਕਿ ਕੋਵਿਡ-19 ਮਹਾਂਮਾਰੀ ਕਾਰਨ ਇਹ ਕਰੀਬ 1 ਸਾਲ ਬੰਦ ਰਿਹਾ। ਡਿਪਟੀ ਕਮਿਸ਼ਨਰ ਥੋਰੀ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਇਸ ਪਾਰਕ ਨੂੰ ਇਕ ਨਵੀਂ ਦਿੱਖ ਦੇਣ ਤੋਂ ਇਲਾਵਾ ਸਮੁੱਚੇ ਝੂਲਿਆਂ ਦੀ ਮੁਰੰਮਤ ਲਈ ਇਕ ਵਿਸ਼ੇਸ਼ ਮੁਹਿੰਮ ਵੀ ਚਲਾਈ ਗਈ ਸੀ। ਉਨ੍ਹਾਂ ਅੱਗੇ ਦੱਸਿਆ ਕਿ ਪਾਰਕ ਵਿੱਚ ਸਮੁੱਚੇ ਮੁੱਖ ਝੂਲੇ ਅਤੇ ਰਾਈਡਜ਼, ਜਿਨ੍ਹਾਂ ਵਿੱਚ ਅਮਿਊਜ਼ਮੈਂਟ ਬੱਸ, ਫੁਹਾਰੇ, ਟ੍ਰੇਨ, ਮਿਊਜ਼ਿਕ ਫਾਊਂਟੇਨਜ਼, ਫਲੱਡ ਲਾਈਟਾਂ ਅਤੇ ਹੋਰ ਕਈ ਸ਼ਾਮਲ ਹਨ, ਹਾਲ ਹੀ ਵਿੱਚ ਚਾਲੂ ਕੀਤੇ ਗਏ ਹਨ ਅਤੇ ਇਸ ਤੋਂ ਇਲਾਵਾ ਪਾਰਕ ਵਿਚ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਵੱਲੋਂ ਇਸ ਪਾਰਕ ਦੀ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਹਰਚਰਨ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਵੀ ਬਣਾਈ ਗਈ ਹੈ।



