237 ਕਾਰਜਕਾਰੀ ਸੈਸ਼ਨ ਸਾਈਟਾਂ ਨਾਲ ਟੀਕਾਕਰਨ ਸਮਰੱਥਾ ਵਧਾ ਕੇ 30,000 ਖੁਰਾਕ ਪ੍ਰਤੀ ਦਿਨ ਕੀਤੀ-ਡਿਪਟੀ ਕਮਿਸ਼ਨਰ
ਇਕੋ ਦਿਨ ਵਿਚ 50 ਨਵੇਂ ਬੈੱਡ ਸ਼ਾਮਲ, ਅਧਿਕਾਰੀਆਂ ਨੂੰ ਸਮੁੱਚੇ ਕੋਵਿਡ ਕੇਅਰ ਸੈਂਟਰਾਂ ਵਿਚ ਬੈੱਡਾਂ ਦੀ ਸਮਰੱਥਾ ਹੋਰ ਵਧਾਉਣ ਲਈ ਕਿਹਾ
ਲੋਕ ਹੁਣ jalandhar.nic.in ਅਤੇ ਕੋਵਿਡ ਹੈਲਪਲਾਈਨ ਨੰਬਰ 0181-2224417 ‘ਤੇ ਰੀਅਲ-ਟਾਈਮ ਬੈੱਡ ਉਪਲਬਧਤਾ ਕਰ ਸਕਦੇ ਹਨ, ਚੈੱਕ
ਅਮਰਜੀਤ ਸਿੰਘ ਲਵਲਾ
ਜਲੰਧਰ
ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਨੂੰ ਟੀਕਾਕਰਨ ਮੁਹਿੰਮ ਦੇ ਘੇਰੇ ਵਿੱਚ ਲਿਆਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਨੇ ਜ਼ਿਲ੍ਹੇ ਭਰ ਵਿੱਚ 237 ਕਾਰਜਕਾਰੀ ਸੈਸ਼ਨ ਸਾਈਟਾਂ ਨਾਲ ਆਪਣੀ ਟੀਕਾਕਰਨ ਸਮਰੱਥਾ ਨੂੰ ਵਧਾ ਕੇ 30,000 ਖੁਰਾਕ ਪ੍ਰਤੀ ਦਿਨ ਕਰ ਦਿੱਤਾ ਹੈ ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੋਵਿਡ -19 ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਇਸ ਮੁਹਿੰਮ ਤਹਿਤ ਵੱਡੀ ਆਬਾਦੀ ਨੂੰ ਕਵਰ ਕੀਤਾ ਜਾਵੇਗਾ। ਸ੍ਰੀ ਥੋਰੀ ਨੇ ਕਿਹਾ, ‘ਕਿਉਂਕਿ ਜ਼ਿਲ੍ਹੇ ਵਿੱਚ ਕੋਵਿਡ -19 ਦੇ ਕੇਸ ਮੁੜ ਸਾਹਮਣੇ ਆ ਰਹੇ ਹਨ, ਇਸ ਲਈ ਸਮੇਂ ਦੀ ਲੋੜ ਹੈ ਕਿ ਸਾਰੇ ਯੋਗ ਲਾਭਪਾਤਰੀਆਂ ਦਾ ਜਲਦੀ ਤੋਂ ਜਲਦੀ ਟੀਕਾਕਰਨ ਕੀਤਾ ਜਾਵੇ । ਉਨ੍ਹਾਂ ਅੱਗੇ ਕਿਹਾ ਕਿ ਇਹ ਸਿਰਫ਼ ਲੋਕਾਂ ਦੀ ਭਾਗੀਦਾਰੀ ਨਾਲ ਹੀ ਸੰਭਵ ਹੈ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਭਰ ਦੇ ਕੋਵਿਡ ਕੇਅਰ ਸੈਂਟਰਾਂ ਵਿਚ ਬੈੱਡਾਂ ਦੀ ਉਪਲਬਧਤਾ ਦਾ ਜਾਇਜ਼ਾ ਲਿਆ ਅਤੇ ਸਾਰੇ ਨੋਡਲ ਅਧਿਕਾਰੀਆਂ ਨੂੰ ਇਨ੍ਹਾਂ ਕੇਂਦਰਾਂ ਨੂੰ ਨਿਯਮਤ ਤੌਰ ‘ਤੇ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਨਾਲ ਨਜਿੱਠਣ ਲਈ ਜਲੰਧਰ ਵਿਚ ਵੱਧ ਤੋਂ ਵੱਧ ਬੈੱਡ ਉਪਲਬਧ ਹੋਣਾ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੋਡਲ ਅਫ਼ਸਰਾਂ ਦੇ ਠੋਸ ਯਤਨਾਂ ਸਦਕਾ ਅੱਜ ਲਗਭਗ 50 ਨਵੇਂ ਬੈੱਡ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਲੋਕ ਹੁਣ ਕੋਵਿਡ ਕੇਅਰ ਸੈਂਟਰਾਂ ਵਿਚ ਪ੍ਰਸ਼ਾਸਨ ਦੀ ਵੈੱਬਸਾਈਟ www.jalandhar.nic.in ਜਾਂ ਹੈਲਪਲਾਈਨ ਨੰਬਰ 0181-2224417 ‘ਤੇ ਰੀਅਲ-ਟਾਈਮ ਬੈੱਡਾਂ ਦੀ ਉਪਲਬਧਤਾ ਚੈੱਕ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਟੀਕਾਕਰਨ ਸਬੰਧੀ ਅੰਕੜਿਆਂ ਦੀ ਐਂਟਰੀ ਰੀਅਲ ਟਾਈਮ ਵਿੱਚ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਜਲੰਧਰ ਵਿਚ ਟੀਕਾਕਰਨ ਮੁਹਿੰਮ ਦੀ ਸਥਿਤੀ ਦੇ ਵਿਸ਼ਲੇਸ਼ਣ ਲਈ ਬਾਕਾਇਦਾ ਰਿਪੋਰਟਾਂ ਤਿਆਰ ਕੀਤੀਆਂ ਜਾ ਸਕਣ। ਜ਼ਿਕਰਯੋਗ ਹੈ, ਕਿ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ 5174 ਯੋਗ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ ਹੈ, ਜਿਸ ਨਾਲ ਕੁੱਲ ਗਿਣਤੀ 86,000 ਤੋਂ ਜ਼ਿਆਦਾ ਹੋ ਗਈ ਹੈ।



