
4 ਸਾਲਾ ਬੱਚੀ ਦੇ ਇਲਾਜ ਲਈ ਪੀੜਤ ਪਰਿਵਾਰ ਦੀ ਫੜੀ ਬਾਂਹ–ਡਿਪਟੀ ਕਮਿਸ਼ਨਰ
ਦਵਾਈਆਂ ਦੇ ਖਰਚੇ ਦੇ ਨਾਲ 1 ਲੱਖ ਰੁਪਏ ਦਾ ਕੀਤਾ ਭੁਗਤਾਨ, ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 50000 ਰੁਪਏ ਦਾ ਇਲਾਜ ਵੀ ਯਕੀਨੀ ਬਣਾਇਆ
ਕੁਝ ਦਿਨ ਪਹਿਲਾਂ ਕਪੂਰਥਲਾ ਵਿਖੇ ਵਾਪਰੇ ਸੜਕ ਹਾਦਸੇ ਵਿੱਚ ਕੱਟਿਆ ਗਿਆ ਸੀ ਬੱਚੀ ਦਾ ਪੈਰ
ਜਲੰਧਰ (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਕਪੂਰਥਲਾ ਵਿਖੇ ਵਾਪਰੇ ਇਕ ਸੜਕ ਹਾਦਸੇ ਵਿੱਚ ਇਕ 4 ਸਾਲਾ ਬੱਚੀ, ਜਿਸਦਾ ਪੈਰ ਕੱਟਿਆ ਗਿਆ ਸੀ, ਦੇ ਪਰਿਵਾਰ ਦੀ ਮਦਦ ਲਈ ਅੱਗੇ ਆਉਂਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਮੰਗਲਵਾਰ ਨੂੰ ਹਸਪਤਾਲ ਨੂੰ 1 ਲੱਖ ਰੁਪਏ ਅਤੇ ਰੈਡ ਕਰਾਸ ਸੁਸਾਇਟੀ ਵੱਲੋਂ ਦਵਾਈਆਂ ਦੇ ਖਰਚੇ ਨੂੰ ਸਪਾਂਸਰ ਕਰਨ ਸਮੇਤ ਬੱਚੀ ਦੇ ਇਲਾਜ ਵਿੱਚ ਪੂਰੀ ਵਿੱਤੀ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ। ਇਸ ਤੋਂ ਇਲਾਵਾ 50000 ਰੁਪਏ ਦਾ ਇਲਾਜ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਯਕੀਨੀ ਕੀਤਾ ਗਿਆ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ 4 ਸਾਲਾ ਲੜਕੀ ਦੀਖਸ਼ਾ ਦਾ ਪੈਰ ਕੱਟਿਆ ਗਿਆ ਸੀ, ਜਿਸ ਨੂੰ ਡਾਕਟਰਾਂ ਵੱਲੋਂ 6 ਘੰਟਿਆਂ ਦੀ ਸਰਜਰੀ ਤੋਂ ਬਾਅਦ ਦੁਬਾਰਾ ਜੋੜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਵੱਲੋਂ ਪ੍ਰਸ਼ਾਸਨ ਪਾਸ ਸਹਾਇਤਾ ਲਈ ਪਹੁੰਚ ਕੀਤੀ ਗਈ ਸੀ, ਕਿਉਂਕਿ ਜ਼ਖਮੀ ਬੱਚੀ ਦੀਕਸ਼ਾ ਦਾ ਪਿਤਾ ਦਿਹਾੜੀਦਾਰ ਹੋਣ ਕਾਰਨ ਇਲਾਜ ਵਿਚ ਆਉਣ ਵਾਲੇ ਖਰਚੇ ਨੂੰ ਚੁੱਕਣ ਤੋਂ ਅਸਮਰੱਥ ਸੀ।
ਪਰਿਵਾਰ ਦੇ ਵਿੱਤੀ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਡਿਪਟੀ ਕਮਿਸ਼ਨਰ ਵੱਲੋਂ ਮੁਫ਼ਤ ਦਵਾਈਆਂ ਤੋਂ ਇਲਾਵਾ ਰੈਡ ਕਰਾਸ ਸੁਸਾਇਟੀ ਵੱਲੋਂ ਤੁਰੰਤ ਹੀ 1 ਲੱਖ ਰੁਪਏ ਦੇ ਫੰਡ ਜਾਰੀ ਕਰ ਦਿੱਤੇ ਗਏ। ਇਸ ਤੋਂ ਇਲਾਵਾ 50000 ਰੁਪਏ ਦਾ ਇਲਾਜ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਯਕੀਨੀ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੀੜਤ ਲੜਕੀ ਦੇ ਕੁਝ ਸਥਾਨਕ ਰਿਸ਼ਤੇਦਾਰਾਂ ਵੱਲੋਂ ਉਨ੍ਹਾਂ ਪਾਸੋਂ ਮਦਦ ਦੀ ਮੰਗ ਕੀਤੀ ਗਈ ਸੀ, ਕਿਉਂਕਿ ਪਲਾਸਟਿਕ ਸਰਜਰੀ ਰਾਹੀਂ ਬੱਚੀ ਦੇ ਕੱਟੇ ਹੋਏ ਅੰਗ ਨੂੰ ਮੁੜ ਜੋੜਨ ਉਤੇ 2 ਲੱਖ ਰੁਪਏ ਖਰਚਾ ਆਇਆ ਸੀ, ਜਿਸਦਾ ਭੁਗਤਾਨ ਕਰਨ ਤੋਂ ਪਰਿਵਾਰ ਅਸਮਰੱਥ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੂੰ ਜੋਸ਼ੀ ਹਸਪਤਾਲ ਨੂੰ 1 ਲੱਖ ਰੁਪਏ ਅਦਾ ਕਰਨ ਲਈ ਕਿਹਾ ਗਿਆ ਹੈ, ਜਿਥੇ ਬੱਚੀ ਦਾ ਇਲਾਜ ਚੱਲ ਰਿਹਾ ਹੈ।
ਡੀਸੀ ਥੋਰੀ ਨੇ ਅਜਿਹੀਆਂ ਕੋਸ਼ਿਸ਼ਾਂ ਨਾਲ ਸਮਾਜ ਦੇ ਮਹਿਰੂਮ ਅਤੇ ਕਮਜ਼ੋਰ ਵਰਗਾਂ ਦੀ ਸਹਾਇਤਾ ਕਰਨ ਦੀ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੇ ਵਾਧੂ ਖਰਚੇ ਨੂੰ ਸਹਿਣ ਕਰਨ ਦਾ ਭਰੋਸਾ ਦਿਵਾਇਆ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੇ ਵਿੱਤੀ ਬੋਝ ਨਾਂ ਸਾਹਮਣਾ ਪਵੇ।
ਸਮਾਜ ਸੇਵੀ ਰਾਜ ਕੁਮਾਰ ਚੌਧਰੀ ਨੇ ਜਲੰਧਰ ਪ੍ਰਸ਼ਾਸਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਘਟਨਾ ਡਿਪਟੀ ਕਮਿਸ਼ਨਰ ਜਲੰਧਰ ਦੇ ਧਿਆਨ ਵਿਚ ਇਕ ਵਟਸਐਪ ਗਰੁੱਪ, ਜੋ ਕਿ ਪ੍ਰਸ਼ਾਸਨ ਵੱਲੋਂ ਗੈਰ ਸਰਕਾਰੀ ਸੰਗਠਨਾਂ ਨਾਲ ਰਾਬਤੇ ਲਈ ਬਣਾਇਆ ਗਿਆ ਹੈ, ਰਾਹੀਂ ਲਿਆਂਦੀ ਗਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਕੀਤੀ ਬੇਨਤੀ ‘ਤੇ ਗੌਰ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਤੁਰੰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 50000 ਰੁਪਏ ਦਾ ਇਲਾਜ ਯਕੀਨੀ ਬਣਾਉਣ ਤੋਂ ਇਲਾਵਾ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਪੀੜਤ ਪਰਿਵਾਰ ਲਈ ਜਾਰੀ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਸਹਾਇਤਾ ਪਰਿਵਾਰ ਲਈ ਵਰਦਾਨ ਸਿੱਧ ਹੋਵੇਗੀ ਕਿਉਂਕਿ ਇਹ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਕਰਜ਼ੇ ਦੇ ਜਾਲ ਵਿੱਚ ਫਸਣ ਤੋਂ ਬਚਾਏਗੀ।



