
*ਸਿਹਤ ਵਿਭਾਗ ਵਲੋਂ 6 ਮਾਰਚ ਤੋਂ 12 ਮਾਰਚ ਤੱਕ ਮਨਾਇਆ ਜਾ ਰਿਹਾ ਹੈ ਵਿਸ਼ਵ ਗਲੋਕੋਮਾ ਵੀਕ*
ਜਲੰਧਰ *ਗਲੋਬਲ ਆਜਤੱਕ* (ਅਮਰਜੀਤ ਸਿੰਘ ਲਵਲਾ) ਗਲੋਕੋਮਾ(ਕਾਲਾ ਮੋਤੀਆ) ਦੇ ਸੰਬੰਧ ਵਿੱਚ ਸਿਹਤ ਵਿਭਾਗ ਵਲੋਂ ਵਿਸ਼ਵ ਕਾਲਾ ਮੋਤੀਆ ਹਫਤਾ 6 ਮਾਰਚ ਤੋਂ 12 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਇਸੇ ਸੰਬੰਧੀ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਅਤੇ ਮੈਡੀਕਲ ਸੁਪਰੀਡੈਂਟ ਡਾ. ਕਮਲ ਸਿੱਧੂ ਵਲੋਂ ਆਈ ਮੋਬਾਈਲ ਯੂਨਿਟ ਵਿਖੇ ਜਾਇਜਾ ਲਿਆ ਗਿਆ ਅਤੇ ਮਰੀਜਾਂ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਗੁਪਤਾ, ਐਸਐਮਓ ਡਾ. ਅਨੂ ਦੋਗਾਲਾ, ਐਸਐਮਓ ਡਾ. ਗੁਰਮੀਤ ਲਾਲ, ਐਸਐਮਓ ਡਾ. ਕਾਮਰਾਜ, ਡਾ. ਗੁਰਪ੍ਰੀਤ ਕੋਰ, ਡਾ. ਗੁਰਵਿੰਦਰ ਖੋਸਾ, ਡਿਪਟੀ ਐਮਈਆਈਓ ਤਰਸੇਮ ਲਾਲ, ਬੀਈਈ ਰਾਕੇਸ਼ ਸਿੰਘ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਮੌਜੂਦ ਸਨ।
ਸਿਵਲ ਸਰਜਨ ਡਾ. ਰਣਜੀਤ ਸਿੰਘ ਵਲੋਂ ਦੱਸਿਆ ਗਿਆ ਕਿ ਗਲੋਕੋਮਾ (ਕਾਲਾ ਮੋਤੀਆ) ਪੱਕੇ ਤੌਰ ‘ਤੇ ਦ੍ਰਿਸ਼ਟੀ ਹੀਣਤਾ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਦੱਸਿਆ ਕਿ 40 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਆਪਣੀਆਂ ਅੱਖਾਂ ਦੀ ਜਾਂਚ ਨਿਯਮਤ ਸਮੇਂ ‘ਤੇ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਕਾਲਾ ਮੋਤੀਆ ਹਫਤੇ ਤਹਿਤ ਹੁਣ ਤੱਕ ਕੁੱਲ 1170 ਮਰੀਜਾਂ ਨੂੰ ਚੈਕ ਕੀਤਾ ਗਿਆ, ਜਿਨ੍ਹਾਂ ਵਿਚੋਂ 48 ਗਲੋਕੋਮਾ ਮਰੀਜ ਪਾਏ ਗਏ ਹਨ।
ਸਿਵਲ ਸਰਜਨ ਵਲੋਂ ਦੱਸਿਆ ਗਿਆ ਕਿ ਜੇਕਰ ਕਿਸੇ ਦੇ ਪਰਿਵਾਰਕ ਮੈਂਬਰ ਨੂੰ ਡਾਇਬਟੀਜ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਹੋਵੇ ਤਾਂ ਉਹ ਗਲੋਕੋਮਾ ਤੋਂ ਪ੍ਰਭਾਵਿਤ ਹੋ ਸਕਦਾ ਹੈ। ਇਸ ਤੋਂ ਇਲਾਵਾ ਜੇ ਕੋਈ ਵਿਅਕਤੀ ਅਲੱਰਜੀ, ਦਮਾ, ਚਮੜੀ ਰੋਗਾਂ ਆਦਿ ਲਈ ਸਟੀਅਰਾਇਡ ਦੀ ਵਰਤੋਂ ਕਰਦਾ ਹੈ ਤਾਂ ਉਹ ਗਲੋਕੋਮਾ, ਕਾਲੇ ਮੋਤੀਏ ਤੋਂ ਪ੍ਰਭਾਵਿਤ ਹੋ ਸਕਦਾ ਹੈ। ਇਸ ਨੂੰ ਅਣਦੇਖਾ ਕਰਨਾ ਪੱਕੇ ਤੋਰ ‘ਤੇ ਦ੍ਰਿਸ਼ਟੀਹੀਣਤਾ ਦਾ ਕਾਰਨ ਬਣ ਸਕਦਾ ਹੈ ਇਸ ਲਈ ਗਲੋਕੋਮਾ ਦੇ ਲੱਛਣ ਦਿਖਾਈ ਦੇਣ ‘ਤੇ ਤੁਰੰਤ ਸਰਕਾਰੀ ਹਸਪਤਾਲ ਵਿੱਚ ਜਾ ਕੇ ਅੱਖਾਂ ਦੇ ਡਾਕਟਰ ਤੋਂ ਸਲਾਹ ਲੈਣੀ ਅਤੇ ਇਲਾਜ ਕਰਵਾਇਆ ਜਾਣਾ ਚਾਹੀਦਾ ਹੈ।



