JalandharPunjab

52.80 ਲੱਖ ਦੀ ਲਾਗਤ ਨਾਲ ਜਲੰਧਰ ਦੇ 88 ਪਟਵਾਰੀਆਂ ਤੇ ਕਾਨੂੰਨਗੋਆਂ ਨੂੰ ਨਵੇਂ ਲੈਪਟਾਪ ਮੁਹੱਈਆ ਕਰਵਾਏ

*ਮਾਲ ਵਿਭਾਗ ਦੇ ਰੋਜ਼ਾਨਾ ਦੇ ਕੰਮਕਾਜ ’ਚ ਕੰਪਿਊਟਰੀਕਰਨ ਨੂੰ ਹੋਰ ਉਤਸ਼ਾਹਿਤ ਕਰਨ ਲਈ ਚੁੱਕਿਆ ਗਿਆ ਕਦਮ—ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ*
ਜਲੰਧਰ *ਗਲੋਬਲ ਆਜਤੱਕ*
ਜ਼ਿਲ੍ਹਾ ਪ੍ਰਸ਼ਾਸਨ, ਜਲੰਧਰ ਵੱਲੋਂ ਮਾਲ ਵਿਭਾਗ ਦੇ ਰੋਜ਼ਾਨਾ ਦੇ ਕੰਮਕਾਜ ਵਿੱਚ ਕੰਪਿਊਟਰੀਕਰਨ ਨੂੰ ਹੋਰ ਉਤਸ਼ਾਹਿਤ ਕਰਨ ਲਈ 52.80 ਲੱਖ ਰੁਪਏ ਦੀ ਲਾਗਤ ਨਾਲ ਜ਼ਿਲ੍ਹਾ ਜਲੰਧਰ ਦੇ 88 ਪਟਵਾਰੀਆਂ ਅਤੇ ਕਾਨੂੰਨਗੋਆਂ ਨੂੰ ਨਵੇਂ ਲੈਪਟਾਪ ਮੁਹੱਈਆ ਕਰਵਾਏ ਗਏ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਉਪਰਾਲੇ ਦਾ ਉਦੇਸ਼ ਮਾਲ ਅਧਿਕਾਰੀਆਂ ਨੂੰ ਫੀਲਡ ਵਿੱਚ ਕੰਮ ਕਰਨ ਦੌਰਾਨ ਸਹੂਲਤ ਪ੍ਰਦਾਨ ਕਰਨਾ ਹੈ ਤਾਂ ਜੋ ਪਟਵਾਰੀਆਂ ਅਤੇ ਕਾਨੂੰਨਗੋਆਂ ਦੇ ਫੀਲਡ ਦੌਰੇ ਦੌਰਾਨ ਰੁਟੀਨ ਦੇ ਕੰਮਕਾਜ ਵਿੱਚ ਵਿਘਨ ਨਾ ਪਵੇ। ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਨਵੇਂ ਲੈਪਟਾਪ ਖਰੀਦਣ ਲਈ ਅਧਿਕਾਰੀਆਂ ਨੂੰ 60,000 ਤੱਕ ਦੀ ਯਕਮੁਸ਼ਤ ਰਾਸ਼ੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸਬੰਧਤ ਅਧਿਕਾਰੀਆਂ ਵੱਲੋਂ ਸਾਮਾਨ ਦੀ ਖ਼ਰੀਦ ਕਰਨ ਤੋਂ ਬਾਅਦ ਆਪਣੇ ਬਿੱਲ ਜ਼ਿਲ੍ਹਾ ਮਾਲ ਅਫ਼ਸਰ ਦੇ ਦਫ਼ਤਰ ਵਿੱਚ ਜਮ੍ਹਾ ਕਰਵਾ ਦਿੱਤੇ ਗਏ ਹਨ, ਜਿਸ ਤੋਂ ਬਾਅਦ ਉਨ੍ਹਾਂ ਦੀ ਖ਼ਰੀਦ ਦੀ ਤਸਦੀਕ ਉਪਰੰਤ ਪ੍ਰਸ਼ਾਸਨ ਵੱਲੋਂ ਰਾਸ਼ੀ ਦੀ ਅਦਾਇਗੀ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਸਬੰਧਤ ਅਧਿਕਾਰੀ ਨੂੰ 300 ਰੁਪਏ ਪ੍ਰਤੀ ਮਹੀਨਾ ਇੰਟਰਨੈੱਟ ਖਰਚੇ ਵਜੋਂ ਵੀ ਅਦਾ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਹੂਲਤ ਦਾ ਲਾਭ ਲੈਣ ਲਈ ਉਨ੍ਹਾਂ ਨੂੰ ਇੰਟਰਨੈੱਟ ਸੇਵਾਵਾਂ ਦੀ ਵਰਤੋਂ ਕਰਨ ਖਾਤਰ ਡੋਂਗਲ ਖਰੀਦਣੀ ਪਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਭਾਗ ਵੱਲੋਂ ਜਾਰੀ ਵਿਸਥਾਰਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਟਵਾਰੀਆਂ ਅਤੇ ਕਾਨੂੰਨਗੋਆਂ ਨੂੰ i5 ਪ੍ਰੋਸੈਸਰ 11th ਜਨਰੇਸ਼ਨ, ਵਿੰਡੋਜ਼ 10 ਪ੍ਰੋਫੈਸ਼ਨਲ ਅਤੇ ਇਸ ਤੋਂ ਵੱਧ, 8 ਜੀਬੀ ਰੈਮ, 512 ਜੀਬੀ ਐਸਐਸਡੀ, ਓਈਐਮ ਵਾਰੰਟੀ 3 ਸਾਲ ਪਲੱਸ 2 ਸਾਲ ਏਐਮਸੀ ਵਰਗੀਆਂ ਸੰਰਚਨਾਵਾਂ ਵਾਲੇ ਲੈਪਟਾਪ ਖਰੀਦਣਾ ਲਾਜ਼ਮੀ ਕੀਤਾ ਗਿਆ ਹੈ।
ਪਟਵਾਰੀ ਅਤੇ ਕਾਨੂੰਨਗੋ, ਜੋ ਆਮ ਤੌਰ ‘ਤੇ ਆਪਣਾ ਜ਼ਿਆਦਾਤਰ ਸਮਾਂ ਫੀਲਡ ਵਿੱਚ ਬਿਤਾਉਂਦੇ ਹਨ, ਦੇ ਕੰਮਕਾਜ ਨੂੰ ਹੋਰ ਡਿਜੀਟਾਈਜ਼ ਅਤੇ ਕੰਪਿਊਟਰੀਕਰਨ ਦੀ ਦਿਸ਼ਾ ਵਿੱਚ ਇਸ ਫੈਸਲੇ ਨੂੰ ਕ੍ਰਾਂਤੀਕਾਰੀ ਕਦਮ ਦੱਸਦਿਆਂ ਘਨਸ਼ਿਆਮ ਥੋਰੀ ਨੇ ਕਿਹਾ ਕਿ ਜੇਕਰ ਕੋਈ ਅਧਿਕਾਰੀ ਬਾਕੀ ਰਹਿੰਦੇ ਹਨ ਤਾਂ ਉਹ ਤੁਰੰਤ ਨਵੇਂ ਲੈਪਟਾਪ ਖਰੀਦ ਕਰਨ ਅਤੇ ਭੁਗਤਾਨ ਦੀ ਜਲਦ ਅਦਾਇਗੀ ਲਈ ਬਿੱਲ ਡੀਆਰਓ ਦਫ਼ਤਰ ਵਿਖੇ ਜਮ੍ਹਾ ਕਰਵਾ ਦੇਣ। ਉਨ੍ਹਾਂ ਕਿਹਾ ਕਿ ਇਹ ਲੈਪਟਾਪ ਨਾ ਸਿਰਫ਼ ਮਾਲ ਅਧਿਕਾਰੀਆਂ ਨੂੰ ਉਨ੍ਹਾਂ ਦੇ ਰੋਜ਼ਾਨਾ ਦੇ ਕੰਮ ਵਿੱਚ ਸਹੂਲਤ ਪ੍ਰਦਾਨ ਕਰਨਗੇ ਸਗੋਂ ਉਨ੍ਹਾਂ ਦੇ ਫੀਲਡ ਦੌਰੇ ਦੌਰਾਨ ਫਾਈਲਾਂ ਦੇ ਸਮੇਂ ਸਿਰ ਨਿਪਟਾਰੇ ਨੂੰ ਵੀ ਯਕੀਨੀ ਬਣਾਉਣਗੇ, ਜਿਸ ਨਾਲ ਉਨ੍ਹਾਂ ਦੇ ਕੰਮ ਦੀ ਕੁਸ਼ਲਤਾ ਵਿੱਚ ਵਾਧਾ ਹੋਵੇਗਾ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!