JalandharPunjabSports

57ਵੀਆਂ ਪੰਜਾਬ ਪੁਲਿਸ ਖੇਡਾਂ ‘ਤੇ ਐਥਲੈਟਿਕ ਮੀਟ ਸੰਪਨ, ਡੀਜੀਪੀ ਗੌਰਵ ਯਾਦਵ ਵਲੋਂ ਜੇਤੂਆਂ ਦਾ ਸਨਮਾਨ

ਖੇਡਾਂ ਦੇ ਖੇਤਰ ’ਚ ਪੰਜਾਬ ਪੁਲਿਸ ਦੀ ਸ਼ਾਨਦਾਰ ਵਿਰਾਸਤ ਨੂੰ ਹੋਰ ਬੁਲੰਦੀਆਂ ’ਤੇ ਲਿਜਾਣ ਦਾ ਸੱਦਾ
ਜਲੰਧਰ ਗਲੋਬਲ ਆਜਤੱਕ
ਬੀਤੇ ਦਿਨੀ ਸ਼ੁਰੂ ਹੋਈ 57ਵੀਆਂ ਪੰਜਾਬ ਪੁਲਿਸ ਖੇਡਾਂ ਅਤੇ ਐਥਲੈਟਿਕ ਮੀਟ ਅੱਜ ਸਥਾਨਕ ਪੀਏਪੀ ਗਰਾਊਂਡ ਵਿੱਚ ਸੰਪਨ ਹੋਈ ਜਿਥੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਨੇ ਜੇਤੂ ਟੀਮਾਂ ਅਤੇ ਖਿਡਾਰੀਆਂ ਦਾ ਸਨਮਾਨ ਕਰਦਿਆਂ ਪੰਜਾਬ ਪੁਲਿਸ ਦੀਆਂ ਖੇਡਾਂ ਦੇ ਖੇਤਰ ਵਿੱਚ ਲਾਮਿਸਾਲ ਪ੍ਰਾਪਤੀਆਂ ਨੂੰ ਹੋਰ ਬੁਲੰਦੀਆਂ ’ਤੇ ਲਿਜਾਣ ਦਾ ਸੱਦਾ ਦਿੱਤਾ।

ਖੇਡ ਮੁਕਾਬਲਿਆਂ ਦੇ ਪ੍ਰਬੰਧਕਾਂ ਨੂੰ ਸਫ਼ਲ ਇੰਤਜ਼ਾਮਾਂ ਅਤੇ ਖੇਡ ਭਾਵਨਾ ਨਾਲ ਮੁਕਾਬਲੇ ਕਰਵਾਉਣ ਲਈ ਵਧਾਈ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਵੱਖ-ਵੱਖ ਰੇਂਜਾ ਤੋਂ ਆਏ ਖਿਡਾਰੀਆਂ, ਟੀਮ ਮੈਨੇਜਰਾਂ ਅਤੇ ਹੋਰਨਾਂ ਭਾਗੀਦਾਰਾਂ ਨੇ ਅਨੁਸ਼ਾਸਨ ਦੀ ਮਿਸਾਲ ਦਿੰਦਿਆਂ ਸ਼ਲਾਘਾਯੋਗ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਖਿਡਾਰੀਆਂ ਅਤੇ ਕੋਚਾਂ ਨੂੰ ਸੱਦਾ ਦਿੱਤਾ ਕਿ ਖੇਡਾਂ ਦੇ ਖੇਤਰ ਵਿੱਚ ਪੰਜਾਬ ਪੁਲਿਸ ਵਲੋਂ ਸਥਾਪਿਤ ਕੀਤੀ ਸ਼ਾਨਦਾਰ ਵਿਰਾਸਤ ਨੂੰ ਅੱਗੇ ਤੋਰਦਿਆਂ ਦੇਸ਼ਾਂ-ਵਿਦੇਸ਼ਾਂ ਅੰਦਰ ਵੱਖ-ਵੱਖ ਮੁਕਾਬਲਿਆਂ ਵਿੱਚ ਜਿੱਤ ਦਾ ਝੰਡਾ ਲਹਿਰਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਖਿਡਾਰੀਆਂ ਦੇ ਸਮੁੱਚੇ ਵਿਕਾਸ ਅਤੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੀ ਉਪਲਬੱਧਤਾ ਲਈ ਹਮੇਸ਼ਾਂ ਤੱਤਪਰ ਰਹੀ ਹੈ ਜਿਸ ਦੇ ਸਿੱਟੇ ਵਜੋਂ ਪੰਜਾਬ ਪੁਲਿਸ ਨੇ ਦੇਸ਼ ਦੀ ਝੋਲੀ ਵਿੱਚ ਕਈ ਨਾਮੀ ਖਿਡਾਰੀ ਪਾਏ ਹਨ।

ਡੀਜੀਪੀ ਗੌਰਵ ਯਾਦਵ ਪੀਏਪੀ ਵਿਖੇ 57ਵੀਆਂ ਪੰਜਾਬ ਪੁਲਿਸ ਖੇਡਾਂ ਅਤੇ ਐਥਲੈਟਿਕ ਮੀਟ ਦੇ ਜੇਤੂਆਂ ਦਾ ਸਨਮਾਨ ਕਰਦੇ ਹੋਏ।

ਡੀਜੀਪੀ ਗੌਰਵ ਯਾਦਵ ਦੀ ਮੌਜੂਦਗੀ ਵਿੱਚ ਪੰਜਾਬ ਪੁਲਿਸ ਦੇ ਐਥਲੀਟਾਂ ਦੇ 100 ਮੀਟਰ, 4X100 ਰਿਲੇਅ (ਲੜਕੇ ਅਤੇ ਲੜਕੀਆਂ) ਅਤੇ ਰੱਸਾ ਕੱਸੀ ਦੇ ਮੁਕਾਬਲੇ ਵੀ ਕਰਵਾਏ ਗਏ। ਏਡੀਜੀਪੀ ਸਟੇਟ ਆਰਮਡ ਪੁਲਿਸ ਐਮ.ਐਫ.ਫ਼ਾਰੂਕੀ ਨੇ ਡੀਜੀਪੀ ਗੌਰਵ ਯਾਦਵ ਦਾ ਧੰਨਵਾਦ ਕਰਦਿਆਂ ਖਿਡਾਰੀਆਂ ਅਤੇ ਪ੍ਰਬੰਧਕਾਂ ਨੂੰ ਸਫ਼ਲ ਸੰਪੰਨਤਾ ’ਤੇ ਵਧਾਈ ਦਿੱਤੀ। ਸਾਬਕਾ ਡੀਜੀਪੀ ਮਹਿਲ ਸਿੰਘ ਭੁੱਲਰ, ਸਾਬਕਾ ਡੀਜੀਪੀ ਰਾਜਨ ਗੁਪਤਾ ਅਤੇ ਸੇਵਾ ਮੁਕਤ ਆਈਪੀਐਸ ਕਰਤਾਰ ਸਿੰਘ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਪੁਲਿਸ ਡੀਏਵੀ ਸਕੂਲ ਦੇ ਵਿਦਿਆਰਥੀਆਂ ਵਲੋਂ ਲੋਕ ਨਾਚ ਭੰਗੜਾ ਪੇਸ਼ ਕੀਤਾ ਗਿਆ।

ਇਸ ਮੌਕੇ ਡੀਆਈਜੀ ਇੰਦਰਬੀਰ ਸਿੰਘ, ਕਮਾਂਡੈਂਟ ਹਰਮਨਬੀਰ ਸਿੰਘ ਗਿੱਲ, ਕਮਾਂਡੈਂਟ ਨਵਜੋਤ ਸਿੰਘ ਮਾਹਲ, ਏਆਈਜੀ ਪਰਮਪਾਲ ਸਿੰਘ, ਏਆਈਜੀ ਨਰੇਸ਼ ਡੋਗਰਾ, ਕਮਾਂਡੈਂਟ ਮਨਜੀਤ ਸਿੰਘ, ਕਮਾਂਡੈਂਟ ਰਣਬੀਰ ਸਿੰਘ, ਕਮਾਂਡੈਂਟ ਆਰਟੀਸੀ, ਮਨਦੀਪ ਸਿੰਘ, ਸਪੋਰਟਸ ਸਕੱਤਰ ਬਹਾਦਰ ਸਿੰਘ, ਕਮਾਂਡੈਂਟ ਬਲਜੀਤ ਸਿੰਘ ਢਿਲੋਂ, ਏਆਈਜੀ ਸੀਆਈਡੀ ਦਲਜਿੰਦਰ ਸਿੰਘ ਢਿਲੋਂ, ਏਡੀਸੀਪੀ ਜਗਜੀਤ ਸਿੰਘ ਸਰੋਆ ਵੀ ਮੌਜੂਦ ਸਨ।

 

ਪੀਏਪੀ ਵਿਖੇ 57ਵੀਆਂ ਪੰਜਾਬ ਪੁਲਿਸ ਖੇਡਾਂ ਅਤੇ ਐਥਲੈਟਿਕ ਮੀਟ ਦੀ ਸੰਪੰਨਤਾ ’ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਖਿਡਾਰੀ ਅਤੇ ਹੋਰ

ਇਨ੍ਹਾਂ ਖੇਡਾਂ ਦੌਰਾਨ 29 ਮੈਡਲ ਜਿੱਤਦਿਆਂ ਆਰਮਡ ਰੇਂਜ ਸਰਵੋਤਮ ਰਹੀ। ਇਸੇ ਤਰ੍ਹਾਂ ਜਲੰਧਰ ਰੇਂਜ ਨੇ 21 ਮੈਡਲ, ਲੁਧਿਆਣਾ ਰੇਂਜ ਨੇ 18, ਬਠਿੰਡਾ ਰੇਂਜ ਨੇ 10, ਪਟਿਆਲਾ ਰੇਂਜ ਨੇ 10, ਬਾਰਡਰ ਰੇਂਜ ਨੇ 6, ਰੂਪਨਗਰ ਰੇਂਜ ਨੇ 5, ਫਿਰੋਜ਼ਪੁਰ ਰੇਂਜ ਨੇ 4 ਅਤੇ ਫਰੀਦਕੋਟ ਤੇ ਕੰਬਾਈਂਡ ਰੇਂਜਾਂ ਨੇ 3-3 ਮੈਡਲ ਹਾਸਿਲ ਕੀਤੇ। ਪੁਰਸ਼ ਦੇ ਮੁਕਾਬਲਿਆਂ ਵਿੱਚ ਬਠਿੰਡਾ ਰੇਂਜ ਦੇ ਕਾਂਸਟੇਬਲ ਜਗਤਾਰ ਸਿੰਘ ਨੂੰ ਬੈਸਟ ਐਥਲੀਟ ਅਤੇ ਮਹਿਲਾਵਾਂ ਵਿੱਚ ਫ਼ਰੀਦਕੋਟ ਰੇਂਜ ਦੀ ਕਾਂਸਟੇਬਲ ਮਨਪ੍ਰੀਤ ਕੌਰ ਨੂੰ ਬੈਸਟ ਐਥਲੀਟ ਐਲਾਨਿਆ ਗਿਆ। ਮਹਿਲਾਵਾਂ ਦੀ 100 ਮੀਟਰ ਦੌੜ ਵਿੱਚ ਲੁਧਿਆਣਾ ਰੇਂਜ ਦੀ ਹੈਡ ਕਾਂਸਟੇਬਲ ਨੈਨੀ ਬਾਲਾ ਪਹਿਲੇ, ਬਠਿੰਡਾ ਰੇਂਜ ਦੀ ਹੈਡਕਾਂਸਟੇਬਲ ਬੀਰਪਾਲ ਕੌਰ ਦੂਜੇ ਅਤੇ ਲੁਧਿਆਣਾ ਰੇਂਜ ਦੀ ਹੈਡ ਕਾਂਸਟੇਬਲ ਰਮਨਦੀਪ ਕੌਰ ਤੀਜੇ ਸਥਾਨ ’ਤੇ ਰਹੀ। ਪੁਰਸ਼ਾ ਦੀ 100 ਮੀਟਰ ਦੌੜ ਵਿੱਚ ਆਰਮਡ ਰੇਂਜ ਦੇ ਕਾਂਸਟੇਬਲ ਹਰਮਨਪ੍ਰੀਤ ਸਿੰਘ ਪਹਿਲੇ, ਰੂਪਨਗਰ ਰੇਂਜ ਦੇ ਹੈਡ ਕਾਂਸਟੇਬਲ ਨਰਿੰਦਰ ਸਿੰਘ ਦੂਜੇ ਅਤੇ ਪਟਿਆਲਾ ਰੇਂਜ ਦੇ ਹੈਡ ਕਾਂਸਟੇਬਲ ਅਕਾਸ਼ਦੀਪ ਸਿੰਘ ਤੀਜੇ ਸਥਾਨ ’ਤੇ ਰਹੇ। ਪੁਰਸ਼ਾਂ ਦੀ 400 ਮੀਟਰ ਰੀਲੇਅ ਵਿੱਚ ਆਰਮਡ ਰੇਂਜ ਪਹਿਲੇ, ਪਟਿਆਲਾ ਰੇਂਜ ਦੂਜੇ ਅਤੇ ਲੁਧਿਆਣਾ ਰੇਂਜ ਤੀਜੇ ਸਥਾਨ ’ਤੇ ਰਹੀ। ਰੱਸਾ-ਕਸ਼ੀ ਵਿੱਚ ਪਟਿਆਲਾ ਰੇਂਜ ਜੇਤੂ ਰਹੀ। ਵਾਲੀਬਾਲ ਦੇ ਫਾਈਨਲ ਮੁਕਾਬਲੇ ਵਿੱਚ ਆਰਮਡ ਰੇਂਜ ਨੇ ਬਾਰਡਰ ਰੇਂਜ ਨੂੰ ਹਰਾਇਆ। ਬਾਸਕਟ ਬਾਲ ਵਿੱਚ ਆਰਮਡ ਰੇਂਜ ਨੇ ਕੰਬਾਈਂਡ ਰੇਂਜ ਨੂੰ ਹਰਾਇਆ। ਫੁੱਟਬਾਲ ਵਿੱਚ ਵੀ ਆਰਮਡ ਰੇਂਜ ਜੇਤੂ ਰਹੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!