
ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਰਤੀ ਜਾਵੇਗੀ ਪੂਰੀ ਸਖ਼ਤੀ—ਐਸਐਸਪੀ ਸਤਿੰਦਰ ਸਿੰਘ
ਜਲੰਧਰ (ਅਮਰਜੀਤ ਸਿੰਘ ਲਵਲਾ)
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਐਸਐਸਪੀ ਦਿਹਾਤੀ ਸਤਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਭੈੜੇ ਅਨਸਰਾਂ, ਨਸ਼ਿਆਂ, ਆਦਿ ਖਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਭੋਗਪੁਰ ਦੀ ਪੁਲਿਸ ਵਲੋਂ ਵੱਡੇ ਗਿਰੋਹ ਦਾ ਪਰਦਾਫਾਸ਼ ਕਰਕੇ 4 ਮੈਂਬਰਾ ਨੂੰ 32 ਬੋਰ ਦੇ 9 ਪਿਸਟਲ, 14 ਮੈਗਜੀਨ, 16 ਜਿੰਦਾ ਰੌਂਦ ਅਤੇ 2.50 ਲੱਖ ਰੁਪਏ ਦੀ ਡਰੱਗ ਮਨੀ ਦੇ ਨਾਲ-ਨਾਲ 3 ਗਰਾਮ ਹੈਰੋਇਨ ਅਤੇ 260 ਗਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਹੈ।
ਸਹਾਇਕ ਪੁਲਿਸ ਕਪਤਾਨ, ਆਦਮਪੁਰ ਅਜੇ ਗਾਂਧੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 18 ਦਸੰਬਰ ਨੂੰ ਥਾਣਾ ਭੋਗਪੁਰ ਦੇ ਐਸਐਚਓ ਹਰਿੰਦਰ ਸਿੰਘ ਵੱਲੋਂ ਆਪਣੀ ਟੀਮ ਸਮੇਤ ਟੀ ਪੁਆਇੰਟ ਆਦਮਪੁਰ ਰੋਡ ਤੋਂ ਉਕਤ ਗਿਰੋਹ ਨੂੰ ਕਾਬੂ ਕੀਤਾ ਜੋ ਕਿ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਦੇਣ ਦੀ ਫਿਰਾਕ ਵਿੱਚ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਹਿਚਾਣ ਬਰਿੰਦਰ ਸਿੰਘ ਸੰਧੂ, ਉਰਫ਼ ਬੱਬੂ, ਵਾਸੀ ਨਿਊ ਅਮਰ ਨਗਰ ਜਲੰਧਰ, ਅਮਿਤ ਹੰਸ, ਉਰਫ਼ ਕਾਕੂ, ਵਾਸੀ ਨੀਲਾ ਮਹਿਲ ਨੇੜੇ ਮਾਈਂ ਹੀਰਾਂ ਗੇਟ ਜਲੰਧਰ, ਸ਼ਸ਼ੀ ਕੁਮਾਰ, ਉਰਫ਼ ਜੱਗਾ, ਵਾਸੀ ਨਿਊ ਅਮਰ ਨਗਰ ਅਤੇ ਅਰਵਿੰਦਰ ਸਿੰਘ, ਉਰਫ਼ ਕਾਕਾ, ਵਾਸੀ ਹੇਲਰਾਂ ਥਾਣਾ ਮਕਸੂਦਾਂ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰੀ ਪਿਛੋਂ ਮੁਲਜ਼ਮਾਂ ਖਿਲਾਫ਼ ਐਨਡੀਪੀਐਸ ਐਕਟ ਦੀ ਧਾਰਾ 21-61-85 ਅਤੇ ਅਸਲਾ ਐਕਟ ਦੀ ਧਾਰਾ 25-54-59 ਤਹਿਤ ਥਾਣਾ ਭੋਗਪਰ ਵਿੱਚ ਮਾਮਲਾ ਦਰਜ ਕਰਕੇ ਪੁਛਗਿੱਛ ਸ਼ੁਰੂ ਕੀਤੀ ਗਈ। ਉਨ੍ਹਾਂ ਦੱਸਿਆ ਕਿ 18 ਦਸੰਬਰ ਨੁੂੰ ਮੁਲਜ਼ਮਾਂ ਪਾਸੋਂ ਮੌਕੇ ’ਤੇ 32 ਬੋਰ ਦੇ ਤਿੰਨ ਪਿਸਟਲ, 4 ਮੈਗਜੀਨ ਅਤੇ 10 ਜਿੰਦਾ ਰੌਂਦ, 3 ਗ੍ਰਾਮ ਹੈਰੋਇਨ ਅਤੇ 1 ਲੱਖ ਰੁਪਏ ਡਰੱਗ ਮਨੀ ਅਤੇ ਕਾਰ ਟਾਟਾ ਇੰਡੀਗੋ ਬਰਾਮਦ ਕੀਤੀ ਗਈ ਜਿਸ ਉਪਰੰਤ 19 ਦਸੰਬਰ ਨੂੰ ਦੋਸ਼ੀਆਂ ਪਾਸੋਂ 32 ਬੋਰ ਦੇ 2 ਪਿਸਟਲ, 2 ਮੈਗਜੀਨ, ਡੇਢ ਲੱਖ ਰੁਪਏ ਦੀ ਡਰੱਗ ਮਨੀ ਫੜੀ ਗਈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਥਾਣਿਆਂ ਵਿੱਚ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਇਨ੍ਹਾਂ ਮੁਲਜਮਾਂ ਤੋਂ ਹੋਰ ਖੁਲਾਸਿਆਂ ਲਈ ਪੁਛਗਿੱਛ ਜਾਰੀ ਹੈ। ਉਨ੍ਹਾਂ ਦੱਸਿਆ ਕਿ ਬਰਿੰਦਰ ਸਿੰਘ ਉਰਫ਼ ਸੰਧੂ ਖਿਲਾਫ਼ ਪਹਿਲਾਂ ਵੀ ਪੁਲਿਸ ਡਵੀਜ਼ਨ ਨੰਬਰ 1 ਵਿੱਚ 2 ਵੱਡੇ ਮੁਕੱਦਮੇ ਦਰਜ ਹਨ ਜਦਕਿ ਅਮਿਤ ਹੰਸ ਉਰਫ਼ ਕਾਕੂ ਖਿਲਾਫ਼ ਵੀ ਥਾਣਾ ਮਕਸੂਦਾਂ ਅਤੇ ਲਾਂਬੜਾ ਵਿਖੇ 3 ਮੁਕੱਦਮੇ ਦਰਜ ਹਨ। ਇਸੇ ਦੌਰਾਨ ਐਸਐਸਪੀ ਜਲੰਧਰ ਦਿਹਾਤੀ ਸਤਿੰਦਰ ਸਿੰਘ ਨੇ ਭੈੜੇ ਅਨਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਮਾਜ ਵਿਰੋਧੀ ਸਰਗਰਮੀਆਂ ਵਿੱਚ ਸ਼ਾਮਿਲ ਅਨਸਰਾਂ ਵਿਰੁੱਧ ਪੂਰੀ ਸਖ਼ਤੀ ਵਰਤੀ ਜਾਵੇਗੀ।



